ਕੋਟਕਪੂਰਾ, 25 ਮਈ (ਚਰਨਦਾਸ ਗਰਗ, ਸਤਨਾਮ ਸਿੰਘ)- ਸਰਕਾਰੀ ਪਾਲੀਟੈਕਨਿਕ ਕਾਲਜ, ਦੇਵੀ ਵਾਲਾ ਰੋਡ, ਨੇੜੇ ਫਨ-ਪਲਾਜ਼ਾ, ਕੋਟਕਪੂਰਾ ਵਿਖੇ ਪੰਜਾਬ ਸਰਕਾਰ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਰਾਹੀਂ ਭਰਤੀ ਕਰਕੇ ਨਵੇਂ ਸਟਾਫ਼ ਦੀ ਨਿਯੁਕਤੀ ਕੀਤੀ ਗਈ ਹੈ। ਕਾਲਜ ਦੇ ਪ੍ਰਿੰਸੀਪਲ ਸਤਿੰਦਰਪਾਲ ਕੌਰ ਨੇ ਨਵ-ਨਿਯੁਕਤ ਲੈਕਚਰਾਰਾਂ ਨੂੰ ਵਧਾਈ ਦਿੰਦਿਆਂ ਕਾਲਜ ਨੂੰ ਹਰ ਪੱਖੋਂ ਸਰਵਉਤਮ ਬਣਾਉਣ ਲਈ ਆਪਣੀ ਡਿਊਟੀ ਤਨ-ਮਨ ਨਾਲ ਨਿਭਾਉਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕਾਲਜ ਵਿਖੇ ਇਲੈਕਟ੍ਰੋਨਿਕਸ ਅਤੇ ਕੰਮਿਊਨੀਕੇਸ਼ਨ ਇੰਜੀਨੀਅਰਿੰਗ (ਈ.ਸੀ.ਈ.) ਅਤੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ (ਸੀ.ਐਸ.ਈ.) ਦੇ ਤਿੰਨ ਸਾਲਾਂ ਦੋ ਡਿਪਲੋਮਾ ਕੋਰਸ ਚੱਲ ਰਹੇ ਹਨ ਅਤੇ ਸਰਕਾਰ ਵੱਲੋਂ ਪਿਛਲੇ ਦਿਨੀਂ ਇਨ੍ਹਾਂ ਦੋਨਾਂ ਕੋਰਸਾਂ ਵਿੱਚ ਅੱਠ ਨਵੇਂ ਲੈਕਚਰਾਰਾਂ ਅਤੇ ਇੱਕ ਲਾਇਬ੍ਰੇਰੀਅਨ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਨਾਲ ਕਾਲਜ ਵਿਖੇ ਸਟਾਫ਼ ਦੀ ਘਾਟ ਪੂਰੀ ਹੋ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਵ-ਨਿਯੁਕਤ ਲੈਕਚਰਾਰ ਉਚ-ਯੋਗਤਾ ਪ੍ਰਾਪਤ ਅਤੇ ਤਜ਼ਰਬੇਕਾਰ ਹਨ ਜਿਸ ਨਾਲ ਤਕਨੀਕੀ ਸਿੱਖਿਆ ਦਾ ਪ੍ਰਸਾਰ ਹੋਰ ਵਧੇਗਾ। ਇਸ ਮੌਕੇ ਮੁਖੀ ਵਿਭਾਗ ਮਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਾਲਜ ਵਿਖੇ ਇਸ ਸਾਲ ਦੇ ਦਾਖਲੇ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਜੋ ਕਿ 11 ਜੂਨ ਤੱਕ ਚੱਲੇਗੀ ਅਤੇ ਵਿਦਿਆਰਥੀਆਂ ਵਿੱਚ ਕਾਲਜ ਵਿਖੇ ਦਾਖਲੇ ਲਈ ਪੂਰਾ ਉਤਸ਼ਾਹ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਾਲਜ ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਵਜ਼ੀਫਾ ਯੋਜਨਾ ਅਧੀਨ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਫੀਸਾਂ ਵਿੱਚ ਭਾਰੀ ਛੋਟ ਦਿੱਤੀ ਜਾਂਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ: ਮਨਮੋਹਨ ਕ੍ਰਿਸ਼ਨ, ਪ੍ਰੋ: ਅਨੁਪਮਾ ਅਤੇ ਦਫ਼ਤਰ ਇੰਚਾਰਜ ਵੀਰਪਾਲ ਕੌਰ ਵੀ ਹਾਜ਼ਰ ਸਨ।
ਸਰਕਾਰੀ ਪਾਲੀਟੈਕਨਿਕ ਕਾਲਜ ਕੋਟਕਪੂਰਾ ਵਿਖੇ ਨਵੇਂ ਲੈਕਚਰਾਰਾਂ ਦੀ ਨਿਯੁਕਤੀ



