ਚੰਡੀਗੜ੍ਹ, 24 ਫਰਵਰੀ (ਪੀ.ਟੀ.ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਚਾਰ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਹ ਜਾਣਕਾਰੀ ਦਿੰਦਿਆਂ ਅੱਜ ਪਾਰਟੀ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸਕੱਤਰ ਜਨਰਲ ਜਸਵੰਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜ਼ਪੁਰ ਤੋਂ ਧਿਆਨ ਸਿੰਘ ਮੰਡ ਸਾਬਕਾ ਐਮ.ਪੀ, ਆਨੰਦਪੁਰ ਸਾਹਿਬ ਤੋਂ ਜਸਵੰਤ ਸਿੰਘ ਮਾਨ, ਪਟਿਆਲਾ ਤੋਂ ਪ੍ਰੋ. ਮਹਿੰਦਰਪਾਲ ਸਿੰਘ ਅਤੇ ਕਰਨਾਲ ਤੋਂ ਪ੍ਰੋ. ਅਜੀਤ ਸਿੰਘ ਕਾਹਲੋਂ ਨੂੰ ਚੋਣ ਲੜਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਦੀਆਂ 20 ਸੀਟਾਂ ’ਤੇ ਚੋਣ ਲੜੇਗੀ, ਜਿਨ੍ਹਾਂ ਵਿਚ ਪੰਜਾਬ ਦੀਆਂ ਸਾਰੀਆਂ 13 ਸੀਟਾਂ, ਹਰਿਆਣਾ ਦੀਆਂ 5, ਜਿਨ੍ਹਾਂ ਵਿਚ ਅੰਬਾਲਾ, ਕਰਨਾਲ, ਕੁਰਕਸ਼ੇਤਰ, ਹਿਸਾਰ ਤੇ ਸਿਰਸਾ ਸ਼ਾਮਿਲ ਹਨ, ਤੋਂ ਇਲਾਵਾ ਰਾਜਸਥਾਨ ਦੀ ਗੰਗਾਨਗਰ
ਸੀਟ ਅਤੇ ਚੰਡੀਗੜ੍ਹ ਤੋਂ ਪਾਰਟੀ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਸ. ਮਾਨ ਨੇ ਹੋਰ ਦੱਸਿਆ ਕਿ ਬਾਕੀ ਦੀਆਂ 16 ਸੀਟਾਂ ਬਾਰੇ ਫੈਸਲਾ ਕਰਨ ਲਈ ਇਕ ਪਾਰਲੀਮਾਨੀ ਬੋਰਡ ਬਣਾ ਦਿੱਤਾ ਗਿਆ ਹੈ, ਜਿਸ ਵਿਚ ਸ. ਧਿਆਨ ਸਿੰਘ ਮੰਡ, ਜਸਵੰਤ ਸਿੰਘ ਮਾਨ, ਪਾਲਬ ਸਿੰਘ ਸੰਧੂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ ਅਤੇ ਬਾਬਾ ਅਮਰਜੀਤ ਸਿੰਘ ਬੋਰਡ ਦੇ ਮੈਂਬਰ ਬਣਾਏ ਗਏ ਹਨ। ਜਦੋਂ ਕਿ ਬੋਰਡ ਦੇ ਚੇਅਰਮੈਨ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੋਣਗੇ।