ਤਿੰਨੇ ਬਾਗੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਕਮੇਟੀਆਂ ਤੋਂ ਅਸਤੀਫੇ
ਚੰਡੀਗੜ੍ਹ, 14 ਮਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਡੂੰਘੇ ਸੰਕਟ ਵਿੱਚ ਫਸ ਗਈ ਹੈ। ਕਾਂਗਰਸ ਦੇ ਤਿੰਨ ਵਿਧਾਇਕਾਂ ਸ੍ਰੀ ਰਾਕੇਸ਼ ਪਾਂਡੇ ਲੁਧਿਆਣਾ, ਸ. ਅਮਰੀਕ ਸਿੰਘ ਢਿਲੋਂ ਸਮਰਾਲਾ ਤੇ ਕਾਕਾ ਰਣਦੀਪ ਸਿੰਘ ਨਾਭਾ ਨੇ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਇਹ ਵਿਧਾਇਕ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਦੇ ਮੁੱਦੇ ਉਪਰ ਨਾਰਾਜ਼ ਦੱਸੇ ਜਾਂਦੇ ਹਨ। ਤਿੰਨਾਂ ਵਿਧਾਇਕਾਂ ਨੇ ਰੋਸ ਪ੍ਰਗਟਾਉਂਦੇ ਹੋਏ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਤੋਂ ਅਸਤੀਫੇ ਦੇ ਦਿੱਤੇ ਹਨ। ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਕਾਂਗਰਸ ਦੇ ਬਾਕੀ ਵਿਧਾਇਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਨ੍ਹਾਂ ਨੂੰ ਹੋਰ ਅਹਿਮ ਅਹੁਦੇ ਦਿੱਤੇ ਜਾਣਗੇ, ਪਰ ਸ਼ਾਹਕੋਟ ਜਿਮਨੀ ਚੋਣ ਕਾਰਨ ਇਹ ਕਾਰਜ ਨੇਪਰੇ ਨਹੀਂ ਚੜ੍ਹ ਸਕਿਆ। ਕਾਂਗਰਸ ਦੇ ਕੁਝ ਹੋਰ ਵਿਧਾਇਕ ਵੀ ਮੁੱਖ ਮੰਤਰੀ ਨਾਲ ਨਾਰਾਜ਼ ਦੱਸੇ ਜਾਂਦੇ ਹਨ। ਤਿੰਨੇ ਬਾਗੀ ਵਿਧਾਇਕਾਂ ਨੇ ਆਖਿਆ ਹੈ ਕਿ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲ ਕੇ ਆਪਣਾ ਰੋਸ ਜ਼ਾਹਰ ਕਰਨਗੇ ਤੇ ਉਨ੍ਹਾਂ ਨੂੰ ਇਸ ਸਬੰਧੀ ਫੈਸਲਾ ਕਰਨ ਦੀ ਅਪੀਲ ਕਰਨਗੇ।ਉਨ੍ਹਾਂ ਦਾਅਵਾ ਕੀਤਾ ਕਿ ਮੁਖ ਮੰਤਰੀ ਸਮੇਤ ਕਿਸੇ ਵੀ ਸੀਨੀਅਰ ਪਾਰਟੀ ਲੀਡਰ ਨੇ ਉਨ੍ਹਾਂ ਦਾ ਪੱਖ ਨਹੀਂ ਸੁਣਿਆ। ਇਨ੍ਹਾਂ ਤਿਨਾਂ ਬਾਗੀ ਵਿਧਾਇਕਾਂ ਨੇ ਹਾਲੇ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ। ਨਾ ਹੀ ਉਹ ਵਿਧਾਇਕ ਵਜੋਂ ਅਸਤੀਫਾ ਦੇਣਾ ਚਾਹੁੰਦੇ ਹਨ। ਤਿੰਨ ਵਿਧਾਇਕਾਂ ਦੇ ਅਸਤੀਫੇ ਨਾਲ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦਾ ਅਸਰ ਸ਼ਾਹਕੋਟ ਦੀ ਜਿਮਨੀ ਚੋਣ ਉਪਰ ਵੀ ਪੈ ਸਕਦਾ ਹੈ। ਇਸ ਸਬੰਧ ਵਿੱਚ ਸਰਕਾਰ ਵੱਲੋਂ ਹਾਲੇ ਤੱਕ ਕੋਈ ਸਫਾਈ ਨਹੀਂ ਆਈ।



