ਅਮਰਗੜ੍ਹ, 13 ਮਈ (ਸੁਖਵਿੰਦਰ ਸਿੰਘ ਅਟਵਾਲ)-ਪੈਸੇ ਦੀ ਅੰਨ੍ਹੇਵਾਹ ਦੌੜ ’ਚ ਸ਼ਾਹੋ-ਸ਼ਾਹ ਹੋਇਆ ਦੌੜ ਰਿਹਾ ਅਜੋਕਾ ਮਨੁੱਖ ਜਿੱਥੇ ਪਿਆਰ-ਮੁਹੱਬਤ ’ਤੇ ਰਿਸ਼ਤੇ-ਨਾਤਿਆਂ ਨੂੰ ਪੈਸੇ ਦੀ ਤੱਕੜੀ ’ਚ ਤੋਲ਼ਕੇ ਵਿਸਾਰਦਾ ਜਾ ਰਿਹਾ ਹੈ ਅਤੇ ਪੈਸੇ ਦੇ ਲਾਲਚ ਵਿੱਚ ਫ਼ਸਕੇ ਬੇਈਮਾਨੀ ’ਤੇ ਭ੍ਰਿਸ਼ਟਾਚਾਰ ਦੀਆਂ ਸਭ ਹੱਦਾਂ ਪਾਰ ਕਰ ਰਿਹਾ ਹੈ ਉਥੇ ਅੱਜ ਵੀ ਇਸ ਧਰਤੀ ’ਤੇ ਕੁੱਝ ਅਜਿਹੇ ਇਨਸਾਨ ਮੌਜੂਦ ਹਨ ਜਿੰਨ੍ਹਾਂ ਦੀ ਬਦੌਲਤ ਇਮਾਨਦਾਰੀ ਅਜੇ ਜ਼ਿੰਦਾ ਹੈ, ਭਾਂਵੇ ਆਖ਼ਰੀ ਸਾਹਾਂ ’ਤੇ ਹੀ ਹੈ।ਅਜਿਹਾ ਹੀ ਇੱਕ ਮਾਮਲਾ ਪਿਛਲੇ ਦਿਨੀਂ ਅਮਰਗੜ੍ਹ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਇਲੈਕਟ੍ਰੀਸ਼ਨ ਦਾ ਕੰਮ ਕਰਦੇ ਪਿੰਡ ਉਧਾ ਦੇ ਨੌਜ਼ਵਾਨ ਗੁਰਵਿੰਦਰ ਸਿੰਘ ਅਟਵਾਲ ਨੂੰ ਰਸਤੇ ’ਚੋਂ ਪੰਜ-ਪੰਜ ਸੌ ਦੇ ਚਾਰ ਨੋਟ ਲੱਭੇ, ਇੰਨਾਂ ਪੈਸਿਆਂ ਨੂੰ ਉਨ੍ਹਾਂ ਦੇ ਅਸਲ ਮਾਲਕ ਤੱਕ ਪਹੁੰਚਾਉਣ ਲਈ ਗੁਰਵਿੰਦਰ ਸਿੰਘ ਦਿਲ ਕਾਹਲ਼ਾ ਪੈਣ ਲੱਗਾ।’ਪੰਜਾਬ ਟਾਇਮਜ਼’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਜਦੋਂ ਮੈਂਨੂੰ ਪੈਸੇ ਮਿਲੇ ਤਾਂ ਮਨ ਦੇ ਵਿੱਚ ਅਨੇਕਾਂ ਖ਼ਿਆਲ ਆਏ ਕਿ ਸ਼ਾਇਦ ਕਿਸੇ ਨੇ ਮਰੀਜ਼ ਦੀ ਦਵਾਈ ਲਈ ਨਾਂ ਹੋਣ ਜਾਂ ਕਿਸੇ ਨੇ ਆਪਣੇ ਬੱਚੇ ਦੇ ਸਕੂਲ ਦੀ ਫ਼ੀਸ ਨਾਂ ਭਰਨੀਂ ਹੋਵੇ, ਹੋਰ ਵੀ ਬਹੁਤ ਕੁੱਝ….! ਪਿੰਡ ਬਾਗੜੀਆਂ ਦੇ ਨਾਨਕ ਸਿੰਘ ਪੁੱਤਰ ਬਲਵੀਰ ਸਿੰਘ ਨੇ ਮੇਰੇ ਨਾਲ ਸੰਪਰਕ ਕੀਤਾ।ਅਸੀਂ ਘਰ ਜਾ ਕੇ ਉਸਦੇ ਪੈਸੇ ਵਾਪਿਸ਼ ਕਰ ਦਿੱਤੇ, ਇਸ ਮੌਕੇ ਦਿਲ ਨੂੰ ਜੋ ਸਕੂਨ ਮਿਲਿਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ।ਭਾਂਵੇ ਕਿ ਇਸ ਤਰ੍ਹਾਂ ਰੋਜ਼ ਹੀ ਲੋਕਾਂ ਦੀਆਂ ਪੈਸਿਆਂ ਸਮੇਤ ਅਨੇਕਾਂ ਚੀਜ਼ਾਂ ਵਸਤਾਂ ਕਿਤੇ ਨਾਂ ਕਿਤੇ ਡਿਗ ਜਾਂਦੀਆਂ ਹਨ ਜਾਂ ਗੁੰਮ ਹੋ ਜਾਂਦੀਆਂ ਹਨ, ਪਰ ਉਨ੍ਹਾਂ ਨੂੰ ਉਨ੍ਹਾਂ ਦੇ ਅਸਲੀ ਹੱਕਦਾਰ ਕੋਲ਼ ਵਾਪਿਸ਼ ਕਰਨ ਦਾ ਤਰੱਦਦ ਕਰਨ ਦਾ ਜਿਗਰਾ ਕੋਈ ਵਿਰਲ਼ਾ ਹੀ ਰੱਖਦਾ ਹੈ।ਸਲ਼ਾਮ ਹੈ ਨੌਜ਼ਵਾਨ ਗੁਰਵਿੰਦਰ ਸਿੰਘ, ਉਸਦੀ ਸੋਚ ਅਤੇ ਉਸਦੇ ਮਾਪਿਆਂ ਵੱਲੋਂ ਦਿੱਤੇ ਸੰਸਕਾਰਾਂ ਨੂੰ ਜਿੰਨ੍ਹਾਂ ਦੀ ਬਦੌਲਤ ਉਸਨੇ ਇਮਾਨਦਾਰੀ ਦੇ ਜ਼ਿੰਦਾ ਹੋਣ ਦਾ ਸਬੂਤ ਦਿੱਤਾ।
ਨੌਜਵਾਨ ਨੇ ਰਸਤੇ ’ਚੋਂ ਲੱਭੇ ਪੈਸੇ ਵਾਪਿਸ ਕਰਕੇ ਇਮਾਨਦਾਰੀ ਦੇ ਜ਼ਿੰਦਾ ਹੋਣ ਦਾ ਦਿੱਤਾ ਸਬੂਤ



