June 22, 2026 9:50 am

ਸ਼ਾਹਕੋਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਵਿਰੁੱਧ ਕੇਸ ਦਰਜ

ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਰੰਤ ਗ੍ਰਿਫਤਾਰੀ ਦੀ ਮੰਗ

ਜਲੰਧਰ, 4 ਮਈ- ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ’ਚ ਕਾਂਗਰਸ ਦੇ ਉਮੀਦਰਵਾਰ ਸ੍ਰੀ ਹਰਦੇਵ ਸਿੰਘ ਲਾਡੀ ’ਤੇ ਅੱਜ ਸਵੇਰੇ ਸਾਢੇ 4 ਵਜੇ ਮਾਈਨਿੰਗ ਮਾਮਲੇ ਸਬੰਧੀ ਕੇਸ ਦਰਜ ਹੋਣ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਗਰਮ ਹੋ ਗਿਆ ਹੈ। ਇਹ ਕੇਸ ਜਲੰਧਰ ਦੇ ਮਹਿਤਪੁਰ ਥਾਣੇ ਵਿਚ ਮਾਈਨਿੰਗ ਐਕਟ ਤਹਿਤ ਦਰਜ ਹੋਇਆ ਹੈ।ਇਸ ਸਬੰਧੀ ਅਕਾਲੀ ਵਰਕਰਾਂ ਵੱਲੋਂ ਲਾਡੀ ਸ਼ੇਰੋਵਾਲੀਆ ਦਾ ਪੁਤਲਾ ਸਾੜਿਆ ਗਿਆ।ਅਕਾਲੀ ਦਲ ਦੇ ਆਦਮਪੁਰ ਤੋਂ ਐਮ.ਐਲ. ਏ. ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਅਕਾਲੀ ਦਲ ਵਰਕਰਾਂ ਨੇ ਸ਼ਾਹਕੋਟ ਐਸ.ਡੀ.ਐਮ. ਦਫਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ। ਅਕਾਲੀ ਦਲ ਦੇ ਆਗੂਆਂ ਵਲੋਂ ਐਸ.ਡੀ.ਐਮ. ਕਮ ਸਹਾਇਕ ਚੋਣ ਰਿਟਰਨਿੰਗ ਅਫਸਰ ਦੇ ਨਾਂ ਇਕ ਮੈਮੋਰੰਡਮ ਮੌਕੇ ਉਤੇ ਹਾਜ਼ਰ ਤਹਿਸੀਲਦਾਰ ਮਨਦੀਪ ਸਿੰਘ ਮਾਨ ਨੂੰ ਸੌਂਪਿਆ ਅਤੇ ਮੰਗ ਕੀਤੀ ਕਿ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਕਾਂਗਰਸ ਉਮੀਦਵਾਰ ਐਲਾਨੇ ਗਏ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਮਾਈਨਿੰਗ ਮਾਮਲੇ ਸਬੰਧੀ ਵਾਇਰਲ ਹੋਈ ਇੱਕ ਵੀਡੀਓ ਨੇ ਸਿਆਸੀ ਹਲ਼ਕਿਆ ਵਿਚ ਤੜਥਲੀ ਮਚਾ ਦਿਤੀ ਸੀ। ਰੇਤੇ ਦੇ ਕਥਿਤ ਠੇਕੇਦਾਰਾਂ ਵਲੋਂ ਲਾਡੀ ਨਾਲ ਆਪਣੀ ਇਕ ਮੀਟਿੰਗ ਦੌਰਾਨ ਸ਼ੂਟ ਕੀਤੇ ਗਏ ਇਸ ਵਾਇਰਲ ਵੀਡੀਓ ’ਚ ਲਾਡੀ ਨੂੰ ਇਹਨਾਂ ਠੇਕੇਦਾਰਾਂ ਨਾਲ ਖਡਾਂ ਵਿਚੋਂ ਰੇਤੇ ਦੀ ਮਾਈਨਿੰਗ ਲਈ ਕਥਿਤ ਤੌਰ ਉਤੇ ਸੌਦੇਬਾਜ਼ੀ ਕਰਦੇ ਦਿਖਾਇਆ ਗਿਆ ਸੀ। ਸ਼ੇਰੋਵਾਲੀਆ ਨੂੰ ਬੀਤੇ ਕੱਲ੍ਹ ਹੀ ਕਾਂਗਰਸ ਵੱਲੋਂ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਨੇ ਹਾਲੇ ਆਪਣੇ ਕਾਗਜ਼ ਦਾਖਲ ਨਹੀਂ ਕੀਤੇ। ਪਰਚਾ ਦਰਜ ਹੋਣ ਤੋਂ ਬਾਅਦ ਕਾਂਗਰਸ ਅਤੇ ਪੰਜਾਬ ਸਰਕਾਰ ਲਈ ਦੁਬਿਧਾ ਵਾਲੇ ਹਾਲਾਤ ਬਣ ਗਏ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵੱਲੋਂ ਇਸ ਮੁੱਦੇ ’ਤੇ ਸ਼ੁਰੂ ਕੀਤੀ ਗਈ ਮੁਹਿੰਮ ਜ਼ੋਰ ਫੜਦੀ ਜਾ ਰਹੀ ਹੈ। ਜਿਮਨੀ ਚੋਣ ਵਿੱਚ ਇਹ ਵਿਵਾਦ ਨਤੀਜਿਆਂ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰ ਸਕਦਾ ਹੈ।

Send this to a friend