ਨਥਾਣਾ ਦੀ ਹੋਈ ਬੇਵਕਤੀ ਮੌਤ ਤੇ ਕੀਤਾ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਸਾਂਝਾ
ਨਥਾਣਾ/ਮੌੜ ਮੰਡੀ, 3 ਮਈ (ਰੇਸ਼ਮ ਸਿੰਘ ਕੁੱਬੇ)- ਸੀਨੀਅਰ ਪੱਤਰਕਾਰ ਅਤੇ ਪੰਜਾਬ ਟਾਇਮਜ਼ ਦੇ ਬਠਿੰਡਾ ਦਿਹਾਤੀ ਇੰਚਾਰਜ ਸ. ਇੰਦਰਜੀਤ ਸਿੰਘ ਨਥਾਣਾ ਜਿਨ੍ਹਾਂ ਦਾ ਬੀਤੇ ਕੱਲ੍ਹ ਦੇਹਾਂਤ ਹੋ ਗਿਆ ਸੀ ਦਾ ਅੱਜ ਨਥਾਣਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ, ਪੱਤਰਕਾਰ ਅਤੇ ਦੋਸਤ ਹਾਜ਼ਰ ਸਨ। ਸ. ਇੰਦਰਜੀਤ ਸਿੰਘ ਨੂੰ ਗੰਭੀਰ ਰੂਪ ਵਿੱਚ ਬਿਮਾਰ ਹੋਣ ਤੋਂ ਬਾਅਦ ਡੀ ਐਮ ਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ। ਭਾਵੇਂ ਕਿ ਡਾਕਟਰਾਂ ਨੇ ਅਪ੍ਰੇਸ਼ਨ ਤੋਂ ਬਾਅਦ ਇੰਦਰਜੀਤ ਸਿੰਘ ਨੂੰ ਖਤਰੇ ਤੋਂ ਬਾਹਰ ਦੱਸਿਆ ਸੀ ਪਰੰਤੂ ਬੀਤੇ ਦਿਨੀਂ ਅਚਾਨਕ ਸਿਹਤ ਵਿਗੜਣ ਤੋਂ ਬਾਅਦ ਚਲ ਵਸੇ। ਸ. ਇੰਦਰਜੀਤ ਸਿੰਘ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਪੱਤਰਕਾਰ ਸਨ। ਉਨ੍ਹਾਂ ਦੀ ਮੌਤ ਨਾਲ ਅਦਾਰਾ ਪੰਜਾਬ ਟਾਇਮਜ਼ ਨੂੰ ਵੱਡਾ ਘਾਟਾ ਪਿਆ ਹੈ। ਇਲਾਕੇ ਵਿੱਚ ਉਨ੍ਹਾਂ ਦੀ ਅਚਾਨਕ ਮੌਤ ਨਾਲ ਸੋਗ ਦੀ ਲਹਿਰ ਹੈ। ਇਸ ਦੌਰਾਨ ਸ. ਇੰਦਰਜੀਤ ਸਿੰਘ ਦੀ ਹੋਈ ਬੇਵਕਤੀ ਮੌਤ ਤੇ ਪੱਤਰਕਾਰ ਰੇਸ਼ਮ ਸਿੰਘ ਕੁੱਬੇ ਮੌੜ ਮੰਡੀ, ਰਾਮ ਰੇਸ਼ਮ ਸ਼ਰਨ ਤਲਵੰਡੀ ਸਾਬੋ, ਰਾਜਿੰਦਰ ਕਾਂਸਲ ਰਾਮਾਂ ਮੰਡੀ, ਬਲਜੀਤਪਾਲ ਸਿੰਘ ਤੇ ਵਿਪਨ ਗੋਇਲ ਸਰਦੂਲਗੜ੍ਹ, ਚਰਨਜੀਤ ਸਿੰਘ ਨਥਾਣਾ, ਮਨਦੀਪ ਢੀਂਗਰਾ, ਮੱਖਣ ਸਿੰਘ ਬੁੱਟਰ ਤੇ ਸੁਖਮੰਦਰ ਸਿੰਘ ਰਾਮਪੁਰਾ ਫੂਲ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਰਾਮ ਰੇਸ਼ਮ ਸ਼ਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਦਰਜੀਤ ਸਿੰਘ ਨਥਾਣਾ ਜੋ ਕਿ ਪੰਜਾਬ ਟਾਇਮਜ਼ ਦੇ ਜਿਲ੍ਹਾ ਇੰਚਾਰਜ ਸਨ ਬੜ੍ਹੇ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ ਤੇ ਪੱਤਰਕਾਰੀ ਖੇਤਰ ਵਿਚ ਉੁਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਬੜ੍ਹੀ ਹੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਉਨ੍ਹਾਂ ਇਹ ਵੀ ਕਿਹਾ ਕਿ ਜਿਥੇ ਇਸ ਤਰ੍ਹਾਂ ਦੇ ਇਨਸਾਨ ਦਾ ਘਾਟਾ ਪਰਿਵਾਰ ਨੂੰ ਪਿਆ ਹੈ ਉਥੇ ਹੀ ਪੱਤਰਕਾਰੀ ਖੇਤਰ ਤੇ ਸਮਾਜ ਨੂੰ ਅਜਿਹੇ ਚੰਗੀ ਸੋਚ ਵਾਲੇ ਸਖਸ਼ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ।