ਮੰਡੀ ਗੋਬਿੰਦਗੜ੍ਹ, 1 ਮਈ (ਮਨੋਜ ਭੱਲਾ)- ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਸ਼ਾਖਾ ਮੰਡੀ ਗੋਬਿੰਦਗੜ੍ਹ ਵੱਲੋਂ ਅੱਜ ਡਵੀਜ਼ਨ ਪ੍ਰਧਾਨ ਅਮਰੀਕ ਸਿੰਘ ਗੋਬਿੰਦਗੜ੍ਹ ਦੀ ਅਗਵਾਈ ਹੇਠ ਮਜਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਡਵੀਜ਼ਨ ਪ੍ਰਧਾਨ ਅਮਰੀਕ ਸਿੰਘ ਨੇ ਪਾਵਰਕਾਮ ਦੇ ਡਵੀਜ਼ਨ ਦਫਤਰ ਦੇ ਮੁੱਖ ਗੇਟ ’ਤੇ ਲਾਲ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਬਿਜਲੀ ਕਾਮਿਆਂ ਨੇ ਮਜਦੂਰ ਹੱਕੀ ਨਾਅਰੇ ਵੀ ਲਗਾਏ। ਵੱਖ-ਵੱਖ ਬੁਲਾਰਿਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਭਾਰਤ ਵਿਚ ਅੱਠ ਘੰਟੇ ਡਿਊਟੀ, ਮਜਦੂਰਾਂ ਨੂੰ ਬਣਦਾ ਮਿਹਨਤਾਨਾ ਅਤੇ ਹਫਤੇ ਵਿਚ ਇਕ ਛੁੱਟੀ ਦੀ ਪ੍ਰਥਾ ਲਾਗੂ ਹੋਈ ਹੈ। ਬੁਲਾਰਿਆਂ ਨੇ ਮਜਦੂਰ ਦਿਵਸ ਮੌਕੇ ਸਰਕਾਰੀ ਛੁੱਟੀ ਬੰਦ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਹੁਣ ਸਰਕਾਰਾਂ ਫਿਰ ਤੋਂ ਸਰਮਾਏਦਾਰੀ ਦੇ ਦਬਾਅ ਹੇਠ ਕੰਮ ਕਰ ਰਹੀਆਂ ਹਨ ਅਤੇ ਟੇਢੇ ਤਰੀਕੇ ਨਾਲ ਮਜਦੂਰਾਂ ਤੋਂ ਉਨ੍ਹਾਂ ਦੇ ਹੱਕ ਖੋਹਣ ਦੇ ਯਤਨ ਕੀਤੇ ਜਾ ਰਹੇ ਹਨ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਮਜਦੂਰ ਦਿਵਸ ਪੰਜਾਬ ਸਰਕਾਰ ਮੁੜ ਇਸ ਦਿਹਾੜੇ ਦੀ ਸਰਕਾਰੀ ਛੁੱਟੀ ਲਾਗੂ ਕਰੇ ਤਾਂ ਜੋ ਮਜਦੂਰ ਆਪਣੇ ਸ਼ਹੀਦਾਂ ਨੂੰ ਸਿਜ਼ਦਾ ਕਰ ਸਕਣ। ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡੀ.ਏ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਪੇਬੈਂਡ ਦਾ ਮਸਲਾ ਵੀ ਜਲਦ ਸੁਲਝਾਇਆ ਜਾਵੇ। ਨਵੀਂ ਭਰਤੀ ਕੀਤੀ ਜਾਵੇ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ ਪਾਸੋਂ ਟੈਕਸ ਦੇ ਰੂਪ ਵਿਚ ਲਏ ਜਾ ਰਹੇ 200 ਰੁਪਏ ਪ੍ਰਤੀ ਮਹੀਨਾ ਸਿਸਟਮ ਬੰਦ ਕੀਤਾ ਜਾਵੇ। ਇਸ ਮੌਕੇ ਡਵੀਜ਼ਨ ਪ੍ਰਧਾਨ ਅਮਰੀਕ ਸਿੰਘ, ਹੇਮਰਾਜ ਸੈਕਟਰੀ, ਗੁਰਚਰਨ ਸਿੰਘ ਟੋਹੜਾ, ਰਾਮਚੰਦ, ਸੂਰਵੀਰ, ਸੇਵਾਮੁਕਤ ਕਰਮਚਾਰੀ ਹਰਬੰਸ ਸਿੰਘ ਮੰਡੇਰ, ਸੁਰੇਸ਼ ਕੁਮਾਰ ਸੈਕਟਰੀ, ਸੁਰਿੰਦਰ ਕੁਮਾਰ, ਬਲਦੇਵ ਸਿੰਘ ਕੰਡਾ , ਲਾਭ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ, ਰਾਜਿੰਦਰ ਸਿੰਘ ਨਸਰਾਲੀ ਸਮੇਤ ਵੱਡੀ ਗਿਣਤੀ ਵਿਚ ਬਿਜਲੀ ਕਾਮੇ ਹਾਜ਼ਰ ਸਨ।