ਜਲਾਲਾਬਾਦ, 29 ਅਪ੍ਰੈਲ (ਸੰਦੀਪ ਮਹੰਤ, ਲਵਿਸ਼ ਕਾਲੜਾ)- ਸੂਬੇ ਭਰ ਦੇ ਨੌਜਵਾਨਾਂ ਦੀ ਤਰ੍ਹਾਂ ਸਰਹੱਦੀ ਖੇਤਰ ਜਲਾਲਾਬਾਦ ਦੇ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਨਵੇਂ ਕੋਚ ਨਿਯੁਕਤ ਕਰਨ ਤੋਂ ਇਲਾਵਾ ਖੇਡ ਸਮਾਨ ਅਤੇ ਖਿਡਾਰੀਆਂ ਲਈ ਹਰ ਸੰਭਵ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਖੇਡ ਸਟੇਡੀਅਮ ਵਿਖੇ ਪਹੁੰਚੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤਾ। ਇਸ ਦੌਰਾਨ ਜਲਾਲਾਬਾਦ ਸਪੋਰਟਸ ਕਲੱਬ ਅਤੇ ਯੂਥ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਪੱਪੂ ਮਦਾਨ ਦੀ ਅਗਵਾਈ ਵਿੱਚ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਖੇਡ ਮੰਤਰੀ ਰਾਣਾ ਸੋਢੀ ਦਾ ਭਰਵਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੈਟਰਨ ਗੁਰੂ ਹਰਦੀਪ ਸਿੰਘ ਸੋਢੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਦੌਰਾਨ ਕਲੱਬ ਅਤੇ ਸੁਸਾਇਟੀ ਅਹੁਦੇਦਾਰਾਂ ਨੇ ਖੇਡ ਸਟੇਡੀਅਮ ਨੂੰ ਰਾਸ਼ਟਰੀ ਪੱਧਰ ਦਾ ਸਟੇਡੀਅਮ ਬਣਾਉਣ ਦੀ ਅਪੀਲ ਕਰਦੇ ਹੋਏ ਮੰਗ ਕੀਤੀ ਕਿ ਖੇਡ ਸਟੇਡੀਅਮ ਜਲਾਲਾਬਾਦ ਵਿਖੇ ਜਿੱਥੇ ਵੱਖ-ਵੱਖ ਖੇਡਾਂ ਦੇ ਨਵੇਂ ਕੋਚ ਨਿਯੁਕਤ ਕੀਤੇ ਜਾਣ। ੳਸ ਦੇ ਨਾਲ ਹੀ ਖਿਡਾਰੀਆਂ ਲਈ ਖੇਡਾਂ ਦਾ ਸਮਾਨ, ਮੈਟ, ਜਿੰਮ ਤੇ ਸਵਿਮਿੰਗ ਪੂਲ ਆਦਿ ਦੀ ਸਹੂਲਤ ਮੁਹੱਈਆਂ ਕਰਵਾਈ ਜਾਵੇ ਤਾਂ ਜੋ ਸਰਹੱਦੀ ਖੇਤਰ ਦੇ ਨੌਜਵਾਨ ਇਸ ਖੇਡ ਸਟੇਡੀਅਮ ਦਾ ਲਾਭ ਪ੍ਰਾਪਤ ਕਰਦੇ ਹੋਏ ਖੇਡ ਦੀਆਂ ਬਰੀਕੀਆਂ ਨੂੰ ਸਿੱਖ ਸਕਣ। ਇਸ ਦੇ ਨਾਲ ਹੀ ਸੁਸਾਇਟੀ ਵੱਲੋਂ ਇੱਕ ਸਿਟੀਜ਼ਨ ਰੇਕੀਰੇਸ਼ਨ ਕਲੱਬ ਅਤੇ ਵੱਖਰੇ ਤੌਰ ’ਤੇ ਸਪੋਰਟਸ ਵਿੰਗ ਸਥਾਪਿਤ ਕਰਨ ਦੀ ਵੀ ਮੰਗ ਉਠਾਈ। ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਰੋਸਾ ਦਿਵਾਇਆ ਕਿ ਸਾਰੀਆਂ ਕਮੀਆਂ ਨੂੰ ਦੂਰ ਕਰਦੇ ਹੋਏ ਇਸ ਖੇਡ ਸਟੇਡੀਅਮ ਨੂੰ ਅਵੱਲ ਦਰਜੇ ਦਾ ਸਟੇਡੀਅਮ ਬਣਾਇਆ ਜਾਵੇਗਾ ਤੇ ਸਰਹੱਦੀ ਖੇਤਰ ’ਚੋ ਕੌਮੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾਣਗੇ। ਕਲੱਬ ਤੇ ਸੁਸਾਇਟੀ ਪ੍ਰਧਾਨ ਇੰਦਰਜੀਤ ਸਿੰਘ ਮਦਾਨ ਨੇ ਰਾਣਾ ਗੁਰਮੀਤ ਸਿੰਘ ਦਾ ਸਟੇਡੀਅਮ ਵਿਖੇ ਪਹੁੰਚਣ ’ਤੇ ਧੰਨਵਾਦ ਕੀਤਾ ਤੇ ਨਾਲ ਹੀ ਉਕਤ ਮੰਗਾਂ ਨੂੰ ਪੂਰਾ ਕਰਨ ਦੇ ਮਿਲੇ ਭਰੋਸੇ ’ਤੇ ਖੁਸ਼ੀ ਦਾ ਪ੍ਰਗਟਾਵਾਂ ਕੀਤਾ। ਇਸ ਮੌਕੇ ਹੋਰਾਂ ਤੋਂ ਇਲਾਵਾ ਪ੍ਰਧਾਨ ਇੰਦਰਜੀਤ ਸਿੰਘ ਮਦਾਨ, ਪੈਟਰਨ ਗੁਰੂ ਹਰਦੀਪ ਸਿੰਘ ਸੋਢੀ, ਟਿੱਕਾ ਗੁਰਪ੍ਰਤਾਪ ਸਿੰਘ, ਰਾਜਾ ਕੱਕੜ, ਦਵਿੰਦਰ ਕੁੱਕੜ, ਐਸ.ਡੀ.ਓ. ਫੁੱਮਣ ਸਿੰਘ, ਡੀ.ਐਸ.ਓ. ਬਲਵੰਤ ਸਿੰਘ, ਅਜੀਤ ਸਿੰਘ ਮਿੱਕੀ, ਵਿਜੇ ਠਠਈ, ਰਮੇਸ਼ ਰੰਗੀਲਾ, ਹਰਪ੍ਰੀਤ ਪਰੂਥੀ,ਪ੍ਰਵੇਸ਼ ਖੰਨਾ, ਰਜੇਸ਼ ਪਰੂਥੀ, ਰਾਜਨ ਚੌਹਾਨ, ਚੰਨਣ ਸਿੰਘ ਘਾਂਗਾ, ਗੁਰਨਾਥ ਸਿੰਘ, ਦੇਵਰਾਜ ਸ਼ਰਮਾ ਆਦਿ ਮੌਜੂਦ ਸਨ।