ਨਵੀਂ ਦਿੱਲੀ, 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਦੇ ਨਾਲ ਹੀ ਹੁੰਦੀਆਂ ਹਨ ਤਾਂ ਉਹ ਵਿਧਾਨ ਸਭਾ ਚੋਣਾਂ ਨੂੰ ਪਹਿਲ ਦੇਣਗੇ, ਉਹ ਲੋਕ ਸਭਾ ਚੋਣ ਨਹੀਂ ਲੜਨਗੇ। ਮੀਡੀਆ ਨਾਲ ਗੱਲਬਾਤ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਮੇਰਾ ਪਹਿਲਾ ਪਿਆਰ ਹੈ, ਮੇਰੀ ਪਹਿਲ ਹੈ। ਇਸ ਲਈ ਉਹ ਦਿੱਲੀ ਵਿਧਾਨ ਸਭਾ ਦੀ ਚੋਣ ਹੀ ਲੜਨਗੇ। ਹਾਲਾਂਕਿ ਉਨ੍ਹਾਂ ਇਹ ਮੰਨਿਆ ਕਿ ਗਾਂਧੀ ਪਰਿਵਾਰ ਦੇ ਮੈਂਬਰ ਜਿੱਥੋਂ ਵੀ ਲੋਕ ਸਭਾ ਚੋਣ ਲੜਨਗੇ, ਉਹ ਉਨ੍ਹਾਂ ਦੇ ਖਿਲਾਫ਼ ਪ੍ਰਚਾਰ ਕਰਨ ਜ਼ਰੂਰ ਜਾਣਗੇ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ
ਤੋਂ ਬਾਅਦ ਜੇਕਰ ਨਰਿੰਦਰ ਮੋਦੀ ਦੀ ਸਰਕਾਰ ਬਣਦੀ ਹੈ ਤਾਂ ਮੁਕੇਸ਼ ਅੰਬਾਨੀ ਹੀ ਦੇਸ਼ ’ਤੇ ਰਾਜ ਕਰਨਗੇ। ਉਨ੍ਹਾਂ ਕਿਹਾ ਕਿ ਮੋਦੀ ਨੂੰ ਵੋਟ ਦੇਣ ਦਾ ਮਤਲਬ ਹੈ ਕਿ ਤੁਸੀਂ ਅੰਬਾਨੀ ਨੂੰ ਵੋਟ ਦੇ ਰਹੇ ਹੋ।