ਰੇਲਵੇ ਬਜਟ ਦੀ ਤਰਜ਼ ’ਤੇ ਖੇਤੀ ਲਈ ਵੀ ਵੱਖਰਾ ਬਜਟ ਹੋਵੇ : ਬਾਦਲ

ਕਿਸਾਨ ਪੱਖੀ ਨੀਤੀਆਂ ਬਣਾਉਣ ਲਈ ਸਿਆਸੀ ਪਾਰਟੀਆਂ ਇਕਜੁਟ ਹੋਣ : ਸੁਖਬੀਰ

image ਐਸ.ਏ.ਐਸ. ਨਗਰ (ਮੁਹਾਲੀ), 16 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਜ਼ੋਰ ਕੇ ਆਖਿਆ ਕਿ ਮੁਲਕ ਨੂੰ ਗੰਭੀਰ ਖੇਤੀ ਸੰਕਟ ਵਿੱਚੋਂ ਕੱਢਣ ਲਈ ਰੇਲਵੇ ਬਜਟ ਦੀ ਤਰਜ਼ ’ਤੇ ਹਰ ਵਰ੍ਹੇ ਇਕ ਵੱਖਰਾ ਖੇਤੀ ਬਜਟ ਪੇਸ਼ ਕਰਨਾ ਸ਼ੁਰੂ ਕਰੇ ਤਾਂ ਕਿ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਸਮਝੀ ਜਾਂਦੀ ਖੇਤੀਬਾੜੀ ਖੇਤਰ ਨੂੰ ਲੋੜੀਂਦੀ ਤਵੱਜੋ ਦਿੱਤੀ ਜਾ ਸਕੇ। ਉਨ੍ਹਾਂ ਇਹ ਵੀ ਮੰਗ ਉਠਾਈ ਕਿ ਖੇਤੀ ਦੇ ਵਿਕਾਸ ਤੇ ਖੋਜ ’ਤੇ ਹਰ ਵਰ੍ਹੇ ਕੁੱਲ ਬਜਟ ਦਾ ਘੱਟੋ-ਘੱਟ 10 ਫੀਸਦੀ ਹਿੱਸਾ ਜ਼ਰੂਰ ਖਰਚ ਕੀਤਾ ਜਾਵੇ।ਅੱਜ ਇੱਥੇ ਪੰਜਾਬ ਸਰਕਾਰ ਵੱਲੋਂ 16 ਤੋਂ 19 ਫਰਵਰੀ ਤੱਕ ਕਰਵਾਏ ਜਾ ਰਹੇ ‘ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ’ ਦੇ ਉਦਘਾਟਨ ਤੋਂ ਬਾਅਦ ਮੁਲਕ ਭਰ

ਤੋਂ ਆਏ ਕਿਸਾਨਾਂ, ਖੇਤੀ ਮਾਹਿਰਾਂ, ਕਿਸਾਨ ਨੇਤਾਵਾਂ ਅਤੇ ਵੱਖ-ਵੱਖ ਸੂਬਿਆਂ ਦੇ ਖੇਤੀ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦੇਸ਼ ਨੂੰ ਭੁੱਖਮਰੀ ਦੀ ਨਾਮੋਸ਼ੀਜਨਕ ਸਥਿਤੀ ਵਿੱਚੋਂ ਕੱਢਣ ਵਾਲਾ ਦੇਸ਼ ਦਾ ਮਿਹਨਤੀ ਕਿਸਾਨ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸਿਰਫ ਇਕੱਲੇ ਪੰਜਾਬ ਵਿੱਚ ਹੀ ਪਿਛਲੇ ਸਾਲਾਂ ਅੰਦਰ ਤਕਰੀਬਨ ਇਕ ਲੱਖ ਕਿਸਾਨ ਖੇਤੀ ਛੱਡ ਕੇ ਛੋਟੇ-ਮੋਟੇ ਹੋਰ ਧੰਦੇ ਕਰਨ ਲੀ ਮਜਬੂਰ ਹੋਏ ਹਨ। ਦੇਸ਼ ਦੀ ਤਕਰੀਬਨ 55 ਫੀਸਦੀ ਆਬਾਦੀ ਦੀ ਰੋਜ਼ੀ-ਰੋਟੀ ਦਾ ਸਾਧਨ ਖੇਤੀਬਾੜੀ ਅੱਜ ਘਾਟੇ ਦਾ ਕਿੱਤਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਖੇਤੀ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਫੌਰੀਆਂ ਤੌਰ ’ਤੇ ਢੁਕਵਾਂ ਹੱਲ ਨਾ ਕੱਢਿਆ ਗਿਆ ਤਾਂ ਮੁਲਕ ਵਿੱਚ ਅਰਾਜਕਤਾ ਫੈਲ ਸਕਦੀ ਹੈ ਅਤੇ ਅਮਨ-ਕਾਨੂੰਨ ਦੀ ਸਥਿਤੀ ਵੀ ਵਿਗੜ ਸਕਦੀ ਹੈ।
ਖੇਤੀ ਸੰਕਟ ਲਈ ਹੁਣ ਤੱਕ ਦੀਆਂ ਕੇਂਦਰੀ ਸਰਕਾਰਾਂ ਦੀਆਂ ਨੁਕਸਦਾਰ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸ. ਬਾਦਲ ਨੇ ਕਿਹਾ ਕਿ ਸਭ ਤੋਂ ਵੱਡਾ ਨੁਕਸ ਖੇਤੀ ਜਿਣਸਾਂ ਦਾ ਘੱਟੋ-ਘੱਟ ਸਮਰਥਨ ਮੁੱਲ ਮਿੱਥਣ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿਣਸਾਂ ਦੇ ਭਾਅ ਮਿੱਥਣ ਵੇਲੇ ਨਾ ਤਾਂ ਕਿਸਾਨ ਦੀ ਜ਼ਮੀਨ ਦਾ ਠੇਕਾ ਅਤੇ ਨਾ ਹੀ ਕਿਸਾਨ ਦੇ ਸਮੁੱਚੇ ਪਰਿਵਾਰ ਵੱਲੋਂ ਕੀਤੀ ਜਾਂਦੀ ਮਿਹਨਤ-ਮਜ਼ਦੂਰੀ ਨੂੰ ਖਰਚੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਖੇਤੀ ਜਿਣਸਾਂ ਦੀਆਂ ਕੀਮਤਾਂ ਮਿੱਥਣ ਵੇਲੇ ਪ੍ਰਸਿੱਧ ਖੇਤੀ ਅਰਥ ਸ਼ਾਸਤਰੀ ਡਾ. ਐਮ.ਐਸ. ਸਵਾਮੀਨਾਥਨ ਦੀਆਂ ਸਿਫਾਰਸ਼ਾਂ ਨੂੰ ਮੰਨਦਿਆਂ ਕਿਸਾਨ ਦੇ ਫਸਲ ’ਤੇ ਹੋਏ ਕੁੱਲ ਖਰਚੇ ਤੋਂ ਬਾਅਦ ਘੱਟੋ-ਘੱਟ 50 ਫੀਸਦੀ ਮੁਨਾਫਾ ਜੋੜਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਝੋਨੇ ਤੇ ਕਣਕ ਦੀ ਤਰ੍ਹਾਂ ਬਾਕੀ ਲਗਪਗ 22 ਖੇਤੀ ਜਿਣਸਾਂ ਨੂੰ ਵੀ ਐਲਾਨੇ ਗਏ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਿਆ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਖੇਤੀ ਵਿੱਚ ਇਸ ਸਮੇਂ ਅਤਿ ਲੋੜੀਂਦੀ ਵਿਭਿੰਨਤਾ ਨੂੰ ਉਤਸ਼ਾਹਤ ਕੀਤਾ ਜਾ ਸਕੇ।
ਸ. ਬਾਦਲ ਨੇ ਕੇਂਦਰ ਸਰਕਾਰ ਪਾਸੋਂ ਇਹ ਵੀ ਮੰਗ ਕੀਤੀ ਕਿ ਪੰਜਾਬ ਵਿੱਚ ਆਪਣਾ ਵੇਲਾ ਵਿਹਾਅ ਚੁੱਕੇ ਨਹਿਰੀ ਢਾਂਚੇ ਦੀ ਕਾਇਆ-ਕਲਪ ਕਰਨ ਲਈ ਸੂਬੇ ਨੂੰ ਲੋੜੀਂਦੀ ਮਾਇਕ ਸਹਾਇਤਾ ਦਿੱਤੀ ਜਾਵੇ ਤਾਂ ਕਿ ਜਰਜ਼ਰੇ ਹੋ ਚੁੱਕੇ ਸਿੰਜਾਈ ਸਿਸਟਮ ਰਾਹੀਂ ਅਜਾਈਂ ਜਾਂਦੇ ਕੀਮਤੀ ਪਾਣੀ ਨੂੰ ਬਚਾਉਣ ਦੇ ਨਾਲ ਨਾਲ ਕੁਝ ਇਲਾਕਿਆਂ ਵਿੱਚ ਸੇਮ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੂਰੇ ਮੁਲਕ ਵਿੱਚ ਖੇਤੀ ਵਸਤਾਂ ਦੇ ਮੰਡੀਕਰਨ ਲਈ ਢੁਕਵਾਂ ਢਾਂਚਾ ਉਸਾਰੇ ਤਾਂ ਕਿ ਕਿਸਾਨ ਨੂੰ ਉਸ ਦੀ ਉਪਜ ਦਾ ਪੂਰਾ ਮੁੱਲ ਵੀ ਮਿਲ ਸਕੇ ਅਤੇ ਉਸ ਨੂੰ ਆਪਣੀ ਜਿਣਸ ਨੂੰ ਵੇਚਣ ਲਈ ਖੱਜਲ-ਖੁਆਰੀ ਦਾ ਸਾਹਮਣਾ ਵੀ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਲਈ ਘੱਟ ਵਿਆਜ ’ਤੇ ਕਰਜ਼ਾ ਦੇਣ ਦੇ ਇੰਤਜ਼ਾਮ ਵੀ ਕਰਨੇ ਚਾਹੀਦੇ ਹਨ। ਮੁੱਖ ਮੰਤਰੀ ਨੇ ਆਖਿਆ ਕਿ ਕਿਸਾਨ ਨੂੰ ਘੱਟ ਮਿਆਦ ਦੇ ਕਰਜ਼ੇ 2 ਫੀਸਦੀ ਦੀ ਦਰ ਅਤੇ ਮਸ਼ੀਨਰੀ ਆਦਿ ਖਰੀਦਣ ਲਈ ਵੱਧ ਮਿਆਦ ਦੇ ਕਰਜ਼ੇ 6 ਫੀਸਦੀ ਦੀ ਦਰ ’ਤੇ ਮਿਲਣੇ ਚਾਹੀਦੇ ਹਨ। ਸ. ਬਾਦਲ ਨੇ ਇਹ ਵੀ ਮੰਗ ਕੀਤੀ ਕਿ ਡੇਅਰੀ ਤੇ ਮੁਰਗੀ ਪਾਲਣ ਵਰਗੇ ਸਹਾਇਕ ਖੇਤੀ ਧੰਦਿਆਂ ਤੋਂ ਹੁੰਦੀ ਆਮਦਨ ਉ¤ਤੇ ਲੱਗਣ ਵਾਲੇ ਆਮਦਨ ਕਰ ਨੂੰ ਤੁਰੰਤ ਖਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਨਾਲ ਹੋਣ ਵਾਲੇ ਨੁਕਸਾਨ ਦੀ ਪ੍ਰਤੀ ਏਕੜ ਮਿੱਥੀ ਗਈ ਮੁਆਵਜ਼ੇ ਦੀ ਨਿਗੂਣੀ ਰਕਮ ਦੀ ਥਾਂ ਕਿਸਾਨ ਨੂੰ ਉਸ ਦੇ ਹੋਏ ਨੁਕਸਾਨ ਦੀ ਪੂਰੀ-ਪੂਰੀ ਭਰਪਾਈ ਕੀਤੀ ਜਾਣ ਤੋਂ ਇਲਾਵਾ ਕਿਸਾਨ ਦੀ ਫਸਲ ਤੇ ਕਿਸਾਨ ਦੇ ਜੀਵਨ ਦਾ ਬੀਮਾ ਸਰਕਾਰੀ ਖਰਚੇ ’ਤੇ ਕੀਤਾ ਜਾਣਾ ਅਤਿ ਜ਼ਰੂਰੀ ਹੈ। ਦੁਨੀਆਂ ਭਰ ਦੇ ਵਿਕਸਤ ਮੁਲਕਾਂ ਦਾ ਹਵਾਲਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਅਤਿ ਗੰਭੀਰ ਸੰਕਟ ਵਿੱਚ ਫਸੇ ਹੋਏ ਮੁਲਕ ਦੇ ਕਿਸਾਨ ਨੂੰ ਇਸ ਸਥਿਤੀ ਵਿੱਚੋਂ ਕੱਢਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਸ ਨੂੰ ਖੇਤੀ ਲਾਗਤਾਂ ’ਤੇ ਵੱਧ ਤੋਂ ਵੱਧ ਸਬਸਿਡੀ ਦਿੱਤੀ ਜਾਵੇ।
ਮੁੱਖ ਮੰਤਰੀ ਨੇ ਇਹ ਵੀ ਦੁੱਖ ਜ਼ਾਹਰ ਕੀਤਾ ਕਿ ਮੁਲਕ ਦੀ ਕੁਲ ਆਮਦਨ ਵਿੱਚ ਖੇਤੀਬਾੜੀ ਦਾ ਹਿੱਸਾ ਲਗਾਤਾਰ ਘਟ ਰਿਹਾ ਹੈ ਜਦੋਂ ਕਿ ਖੇਤੀਬਾੜੀ ’ਤੇ ਨਿਰਭਰ ਆਬਾਦੀ ਦੀ ਗਿਣਤੀ ਤਕਰੀਬਨ ਪਹਿਲਾਂ ਵਾਲੀ ਹੀ ਹੈ। ਅੰਕੜੇ ਪੇਸ਼ ਕਰਦਿਆਂ ਉਨ੍ਹਾਂ ਦੱਸਿਆ ਕਿ 1965-66 ਵਿੱਚ ਕੁਲ ਆਬਾਦੀ ਦਾ 65 ਫੀਸਦੀ ਖੇਤੀਬਾੜੀ ’ਤੇ ਨਿਰਭਰ ਸੀ ਅਤੇ ਉਸ ਵੇਲੇ ਮੁਲਕ ਦੀ ਕੁਲ ਆਮਦਨ ਵਿੱਚ ਖੇਤੀਬਾੜੀ ਦਾ ਹਿੱਸਾ ਵੀ 65 ਫੀਸਦੀ ਹੀ ਸੀ ਪਰ ਸਾਲ 2011-12 ਵਿੱਚ ਕੁਲ ਆਮਦਨ ਵਿੱਚ ਖੇਤੀ ਦਾ ਹਿੱਸਾ ਘਟ ਕੇ ਸਿਰਫ 27 ਫੀਸਦੀ ਹੀ ਰਹਿ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਇਸ ਦਾ ਸਿੱਧਾ-ਸਿੱਧਾ ਮਤਲਬ ਇਹ ਹੈ ਕਿ ਕਿਸਾਨਾਂ ਦੀ ਆਮਦਨ ਲਗਾਤਾਰ ਘਟ ਰਹੀ ਹੈ।
ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿੰਦਿਆ ਸ. ਬਾਦਲ ਨੇ ਕਿਹਾ ਕਿ ਮੁਲਕ ਦੇ ਕੁਲ ਰਕਬੇ ਦੇ ਸਿਰਫ 1.5 ਫੀਸਦੀ ਖੇਤਰ ਵਿੱਚ ਵਸਦਿਆਂ ਅਤੇ ਆਬਾਦੀ ਦਾ ਸਿਰਫ 2.5 ਫੀਸਦੀ ਹਿੱਸਾ ਹੁੰਦਿਆਂ ਪੰਜਾਬ ਦੇ ਮਿਹਨਤੀ ਤੇ ਉ¤ਦਮੀ ਕਿਸਾਨ ਨੇ ਕੇਂਦਰੀ ਅਨਾਜ ਭੰਡਾਰ ਵਿੱਚ ਤਕਰੀਬਨ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ 50 ਫੀਸਦੀ ਤੋਂ ਵੱਧ ਹਿੱਸਾ ਪਾ ਕੇ ਮੁਲਕ ਨੂੰ ਨਾ ਸਿਰਫ ਆਤਮ-ਨਿਰਭਰ ਬਣਾਇਆ ਸਗੋਂ ਲੋੜ ਤੋਂ ਵੀ ਵੱਧ ਅਨਾਜ ਪੈਦਾ ਕੀਤਾ ਹੈ। ਇਸ ਕਾਰਜ ਲਈ ਪੰਜਾਬ ਦੇ ਕਿਸਾਨਾਂ ਨੇ ਉਪਜਾਊ ਭੂਮੀ, ਪਾਣੀ ਅਤੇ ਹਵਾ ਵਰਗੇ ਕੁਦਰਤੀ ਸੋਮੇ ਵੀ ਤਬਾਹ ਕਰ ਲਏ ਹਨ ਅਤੇ ਉਹ ਖੁਦ ਵੀ ਕਰਜ਼ੇ ਵਿੱਚ ਨਪੀੜਿਆ ਹੋਇਆ ਹੈ। ਸ. ਬਾਦਲ ਨੇ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਆਖਿਆ ਕਿ ਇਸ ਔਖੀ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਦੀਆਂ ਨਵੀਆਂ ਨੀਤੀਆਂ ਘੜਨ ਬਾਰੇ ਇਹ ਸੰਮੇਲਨ ਕਰਵਾਇਆ ਜਾ ਰਿਹਾ ਹੈ ਜੋ ਪੂਰੀ ਤਰ੍ਹਾਂ ਗੈਰ-ਸਿਆਸੀ ਸੰਮੇਲਨ ਹੈ।
ਸ. ਬਾਦਲ ਨੇ ਕੇਂਦਰ ਸਰਕਾਰ ਪਾਸੋਂ ਇਹ ਵੀ ਮੰਗ ਕੀਤੀ ਕਿ ਜਿਸ ਤਰ੍ਹਾਂ  ਪੂਰਬੀ ਰਾਜਾਂ ਨੂੰ ਦੂਜੀ ਹਰੀ ਕ੍ਰਾਂਤੀ ਲਿਆਉਣ ਲਈ ਪੰਜ ਸਾਲਾ ਯੋਜਨਾ ਤਹਿਤ 4000 ਕਰੋੜ ਰੁਪਏ ਦਿੱਤੇ ਗਏ ਹਨ, ਉਸ  ਹੀ ਤਰ੍ਹਾਂ ਪਹਿਲੀ ਹਰੀ ਕ੍ਰਾਂਤੀ ਲਿਆਉਣ ਵਾਲੇ ਪੰਜਾਬ ਤੇ ਹਰਿਆਣਾ ਵਰਗੇ ਸੂਬਿਆਂ ਨੂੰ ਖੇਤੀ ਵਿਭਿੰਨਤਾ ਲਿਆਉਣ ਲਈ ਪੰਜ ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਵੇ।
ਇਸ ਤੋਂ ਪਹਿਲਾਂ ਕਿਸਾਨ ਸੰਮੇਲਨ ਵਿੱਚ ਮੁਲਕ ਭਰ ਤੋਂ ਪਹੁੰਚੇ ਮੁੱਖ ਮੰਤਰੀਆਂ, ਮੰਤਰੀਆਂ, ਖੇਤੀ ਮਾਹਿਰਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਆਖਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪਣੇ ਮਸਲਿਆਂ ਹੱਲ ਕਰਾਉਣ ਲਈ ਮੁਲਕ ਭਰ ਦੇ ਕਿਸਾਨਾਂ ਨੂੰ ਸਾਰੀਆਂ ਵਲਗਣਾਂ ਤੋਂ ਪਾਰ ਜਾ ਕੇ ਇਕ ਮੰਚ ’ਤੇ ਇਕੱਠਾ ਹੋਣਾ ਪਵੇਗਾ। ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰਾਂ ਵੱਲੋਂ ਖੇਤੀ ਖੇਤਰ ਵੱਲ ਲੋੜੀਂਦੀ ਤਵੱਜੋਂ ਨਾ ਦਿੱਤੇ ਜਾਣ ਕਾਰਨ ਖੇਤੀ ਘਾਟੇ ਦਾ ਕਿੱਤਾ ਬਣ ਗਈ ਹੈ ਅਤੇ ਕਰਜ਼ੇ ਦੇ ਬੋਝ ਦੱਬਿਆ ਮੁਲਕ ਭਰ ਦਾ ਕਿਸਾਨ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ। 
ਸੰਮੇਲਨ ਵਿੱਚ ਸ਼ਾਮਲ ਖੇਤੀ ਮਾਹਿਰਾਂ ਤੇ ਖੇਤੀ ਅਰਥਸ਼ਾਸਤਰੀਆਂ ਨੂੰ ਸੰਬੋਧਤ ਹੁੰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਉਹ ਖੇਤੀ ਸੰਕਟ ਦੇ ਕਾਰਨਾਂ ਅਤੇ ਇਸ ਦੇ ਹੱਲ ਲਈ ਵਿਸਥਾਰ ਵਿੱਚ ਇਕ ਰਿਪੋਰਟ ਤਿਆਰ ਕਰਨ ਜਿਸ ’ਤੇ ਅਮਲ ਕਰਾਉਣ ਲਈ ਕੇਂਦਰ ਸਰਕਾਰ ’ਤੇ ਸਾਰੀਆਂ ਧਿਰਾਂ ਵੱਲੋਂ ਇਕੱਠੇ ਹੋ ਕੇ ਜ਼ੋਰ ਪਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਭ ਤੋਂ ਪਹਿਲੀ ਲੋੜ ਇਹ ਹੈ ਕਿ ਖੇਤੀ ਜਿਣਸਾਂ ਦੇ ਮਿੱਥੇ ਜਾਂਦੇ ਮੁੱਲ ਨੂੰ ਕੀਮਤ ਸੂਚਕ ਅੰਕ ਨਾਲ ਜੋੜਿਆ ਜਾਵੇ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਈ ਇਤਿਹਾਸਕ ਕਦਮ ਚੁੱਕੇ ਗਏ ਹਨ ਅਤੇ ਪੰਜਾਬ ਮੁਲਕ ਦਾ ਇਕੋ-ਇਕ ਸੂਬਾ ਹੈ ਜਿੱਥੇ ਕਿਸਾਨਾਂ ਨੂੰ ਖੇਤੀ ਲਈ ਬਿਜਲੀ-ਪਾਣੀ ਦੀ ਸਹੂਲਤ ਮੁਹੱਈਆ ਕੀਤੇ ਜਾਣ ਦੇ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਮੰਡੀਕਰਨ ਢਾਂਚਾ ਮੁਹੱਈਆ ਕੀਤਾ ਜਾ ਰਿਹਾ ਹੈ। ਉਨ੍ਹਾਂ ਖੇਤੀ ਸੰਕਟ ਦੇ ਹੱਲ ਲਈ ਮੁਲਕ ਭਰ ਵਿੱਚੋਂ ਪਹਿਲਕਦਮੀ ਕਰਨ ਵਾਸਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਮੁੱਖ ਮੰਤਰੀ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ, ਛਤੱੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ, ਉ¤ਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਅਖਿਲੇਸ਼ ਯਾਦਵ, ਪਾਕਿਸਤਾਨੀ ਪੰਜਾਬ ਦੇ ਖੇਤੀ ਮੰਤਰੀ ਡਾ. ਫਾਰੂਕ ਜਾਵੇਦ, ਬਿਹਾਰ, ਗੁਜਰਾਤ ਤੇ ਪੱਛਮੀ ਬੰਗਾਲ ਦੇ ਖੇਤੀ ਮੰਤਰੀ, ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਚੰਦਰ ਬਾਬੂ ਨਾਇਡੂ, ਰਾਜਸਥਾਨ ਦੇ ਭਾਜਪਾ ਇਕਾਈ ਦੇ ਪ੍ਰਧਾਨ ਸ੍ਰੀ ਅਸ਼ੋਕ ਪ੍ਰਨਾਮੀ, ਸਾਬਕਾ ਕੇਂਦਰੀ ਮੰਤਰੀ ਸ੍ਰੀ ਸੋਮ ਪਾਲ ਸ਼ਾਸਤਰੀ, ਪ੍ਰਸਿੱਧ ਖੇਤੀ ਮਾਹਿਰ ਡਾ. ਗੁਰਦੇਵ ਸਿੰਘ ਖੁਸ਼ ਤੇ ਡਾ. ਜੀ.ਐਸ. ਕਾਲਕਟ, ਭਾਰਤੀ ਖੇਤੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਦੇ ਡਾਇਰੈਕਟਰ ਜਨਰਲ ਡਾ. ਐਸ.ਅਈਅੱਪਨ ਅਤੇ ਕੌਮਾਂਤਰੀ ਮੱਕੀ ਤੇ ਕਣਕ ਸੁਧਾਰ ਕੇਂਦਰ, ਅਮਰੀਕਾ ਦੇ ਡਾਇਰੈਕਟਰ ਜਨਰਲ ਡਾ. ਥਾਮਸ ਲੁੰਪਕਿਨ ਦਾ ਸਨਮਾਨ ਕੀਤਾ।
ਇਸ ਮੌਕੇ ‘ਦਾ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਸ੍ਰੀ ਰਾਜ ਚੇਂਗੱਪਾ, ‘ਡੇਲੀ ਪੋਸਟ’ ਦੇ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਸੰਪਾਦਕ ਸ੍ਰੀ ਮੁਨੀਸ਼ ਤਿਵਾੜੀ ਅਤੇ ‘ਇੰਡੀਅਨ ਐਕਸਪ੍ਰੈਸ’ ਦੇ ਰੈਜ਼ੀਡੈਂਟ ਅਡੀਟਰ ਸ੍ਰੀ ਵਿਪਨ ਪੱਬੀ ਵੀ ਹਾਜ਼ਰ ਸਨ।
ਇਸ ਮੌਕੇ ਮੁੱਖ ਸਕੱਤਰ ਸ੍ਰੀ ਰਾਕੇਸ਼ ਸਿੰਘ, ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ, ਮੁੱਖ ਮੰਤਰੀ ਦੇ ਕੌਮੀ ਮਾਮਲਿਆਂ ਬਾਰੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਅਸ਼ਵਨੀ ਕੁਮਾਰ ਤੋਂ ਇਲਾਵਾ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੂੰਦੜ, ਭਾਜਪਾ ਦੇ ਸੂਬਾਈ ਪ੍ਰਧਾਨ ਸ੍ਰੀ ਕਮਲ ਸ਼ਰਮਾ ਅਤੇ ਕੈਬਨਿਟ ਮੰਤਰੀ, ਮੁੱਖ ਸੰਸਦੀ ਸਕੱਤਰ ਤੇ ਵਿਧਾਇਕ ਵੀ ਹਾਜ਼ਰ  ਸਨ।

Send this to a friend