ਲੰਡਨ, 19 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਲੰਡਨ ਦੇ ਵੈਸਟਮਿੰਸਟਰ ਰਾਇਲ ਪੈਲੇਸ ਵਿਚ ਆਯੋਜਿਤ ਪ੍ਰੋਗਰਾਮ ‘ਭਾਰਤ ਕੀ ਬਾਤ ਸਬ ਕੇ ਸਾਥ‘ ਵਿਚ ਪੀ.ਐਮ ਮੋਦੀ ਨੇ ਕਿਹਾ ਕਿ ਹੁਣ ਭਾਰਤ ਦਾ ਰੁਤਬਾ ਵਧ ਰਿਹਾ ਹੈ। ਪ੍ਰੋਗਰਾਮ ਸੰਚਾਲਕ ਗੀਤਕਾਰ ਪ੍ਰਸੂਨ ਜੋਸ਼ੀ ਦੇ ਇਕ ਸਵਾਲ ਉਤੇ ਮੋਦੀ ਨੇ ਉਥੇ ਦਰਸ਼ਕ ਗੈਲਰੀ ਵਿਚ ਬੈਠੇ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਅੁਨਭਵ ਹੁੰਦਾ ਹੋਵੇਗਾ ਕਿ ਤੁਹਾਡੇ ਪਾਸਪੋਰਟ ਦੀ ਤਾਕਤ ਵਧੀ ਹੈ ਜਾਂ ਨਹੀਂ।
ਉਨ੍ਹਾਂ ਨੇ ਸਵਾਲੀਆ ਲਹਿਜੇ ਵਿਚ ਕਿਹਾ ਕਿ ਵਿਦੇਸ਼ ਵਿਚ ਲੋਕਾਂ ਦਾ ਭਾਰਤ ਦੇ ਲੋਕਾਂ ਨੂੰ ਦੇਖਣ ਦਾ ਨਜ਼ਰੀਆ ਬਦਲਿਆ ਹੈ ਜਾਂ ਨਹੀਂ। ਹਿੰਦੁਸਤਾਨ ਤਾਂ ਉਹੀ ਹੈ, ਤੁਸੀਂ ਵੀ ਸੀ, ਦੁਨੀਆ ਵੀ ਸੀ ਪਰ ਅਜ ਜੋ ਬਦਲਾਅ ਹੋਇਆ ਹੈ ਉਹ ਹਿੰਦੁਸਤਾਨ ਨੇ ਕਰ ਕੇ ਦਿਖਾਇਆ ਹੈ। ਸਿਰਫ ਸਵਾ ਸੌ ਕਰੋੜ ਦਾ ਦੇਸ਼ ਜਾਂ ਵਡਾ ਬਾਜ਼ਾਰ ਹੋਣ ਦੀ ਵਜ੍ਹਾ ਨਾਲ ਨਹੀਂ, ਸਗੋਂ ਆਪਣੀ ਸੰਤੁਲਿਤ ਨੀਤੀ ਕਾਰਨ ਅਜਿਹਾ ਕੀਤਾ ਹੈ।