ਕਿਹਾ, ਕੇਂਦਰ ਪੰਜਾਬ ਨੂੰ ਦੇਸ਼ ਵਿੱਚ ਸਭ ਤੋਂ ਘੱਟ ਗ੍ਰਾਂਟਾ ਦਿੰਦੈ
ਤਲਵੰਡੀ ਸਾਬੋ, 16 ਫਰਵਰੀ (ਰਣਜੀਤ ਸਿੰਘ ਰਾਜੂ)-ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਤਲਵੰਡੀ ਬਲਾਕ ਅਧੀਨ ਆਉਂਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਜਦੋਂਕਿ ਕੱਲ ਉਨ੍ਹਾਂ ਨੇ ਰਾਮਾਂ ਬਲਾਕ ਅਧੀਨ ਆਂਉਦੇ ਪਿੰਡਾਂ ਦਾ ਦੌਰਾ ਕੀਤਾ ਸੀ।ਅੱਜ ਚੱਠੇਵਾਲਾ, ਨੱਤ, ਸੰਗਤ, ਗੁਰੂਸਰ, ਗੋਲੇਵਾਲਾ ਆਦਿ ਪਿੰਡਾਂ ਦੇ ਦੌਰੇ ਦੌਰਾਨ ਬੀਬਾ ਬਾਦਲ ਨੇ ਜਿੱਥੇ ਸੰਗਤ ਦਰਸ਼ਨਾਂ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਮੌਕੇ ’ਤੇ ਹੱਲ ਕਰਵਾਇਆ ਉ¤ਥੇ ਹੀ ਉਨ੍ਹਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾ ਵੀ ਤਕਸੀਮ ਕੀਤੀਆਂ।ਬੀਬਾ ਬਾਦਲ ਦੇ ਦੌਰੇ ਦੌਰਾਨ ਅੱਜ ਉਨ੍ਹਾਂ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਸਾਫ ਅਸਰ ਨਜਰ
ਆਇਆ ਤੇ ਆਮ ਤੌਰ ਤੇ ਕਾਹਲੀ ਵਿੱਚ ਕੰਮ ਨਬੇੜਨ ਵਾਲੇ ਬੀਬਾ ਜੀ ਅੱਜ ਲੋਕਾਂ ਦੀ ਗੱਲ ਪੂਰੇ ਠਰ੍ਹੱਮੇ ਨਾਲ ਸੁਣਦੇ ਹੀ ਨਜਰ ਨਹੀ ਆਏ ਸਗੋਂ ਉਨ੍ਹਾਂ ਆਪਣੇ ਭਾਸ਼ਣ ਦੌਰਾਨ ਵੀ ਆਪਣੇ ਸਹੁਰਾ ਸਾਹਿਬ ਵੱਡੇ ਬਾਦਲ ਵਾਂਗ ਲੋਕਾਂ ਨੂੰ ਹਸਾਉਣ ਲਈ ਕਈ ਟੋਟਕੇ ਛੱਡੇ।
ਲੋਕਾਂ ਨੂੰ ਸੰਬੋਧਨ ਕਰਦਿਆਂ ਬੀਬਾ ਬਾਦਲ ਨੇ ਕੇਂਦਰ ਦੀ ਮੌਜੂਦਾ ਯੂ.ਪੀ.ਏ ਸਰਕਾਰ ਤੇ ਜੰਮ ਕੇ ਰਗੜੇ ਲਾਏ ਅਤੇ ਲੋਕਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਭੁਗਤਨ ਦੀ ਅਪੀਲ ਕੀਤੀ। ਆਪਣੇ ਸੰਬੋਧਨ ਦੌਰਾਨ ਬੀਬਾ ਬਾਦਲ ਨੇ ਕਿਹਾ ਕਿ ਦੇਸ਼ ਦੇ ਸਾਰੇ ਸੂਬੇ ਆਪਣੀ ਆਮਦਨ ਦਾ 90 ਪ੍ਰਤੀਸ਼ਤ ਹਿੱਸਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਂਉਦੇ ਹਨ ਤੇ ਫਿਰ ਕੇਂਦਰ ਉਨ੍ਹਾਂ ਨੂੰ ਵਿਕਾਸ ਲਈ ਬਰਾਬਰੀ ਦੇ ਆਧਾਰ ’ਤੇ ਗ੍ਰਾਂਟਾ ਦਿੰਦਾ ਹੈ, ਪ੍ਰੰਤੂ ਪੰਜਾਬ ਨਾਲ ਇਸ ਤੋਂ ਵੱਡੀ ਧੱਕੇਸ਼ਾਹੀ ਦੀ ਮਿਸਾਲ ਨਹੀ ਮਿਲਦੀ ਕਿ ਪੂਰੇ ਦੇਸ਼ ਵਿੱਚੋਂ ਪੰਜਾਬ ਨੂੰ ਸਭ ਤੋਂ ਘੱਟ ਗ੍ਰਾਂਟ ਕੇਂਦਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੂ ਨੇ ਬੀਬਾ ਬਾਦਲ ਵੱਲੋਂ ਕਰਵਾਏ ਜਾ ਰਹੇ ਵਿਕਾਸ ਨੂੰ ਬੇਮਿਸਾਲ ਦੱਸਦਿਆਂ ਉਨ੍ਹਾਂ ਵੱਲੋਂ ਹਲਕੇ ਦੇ ਪਿੰਡਾਂ ਨੂੰ ਦਿੱਤੀਆਂ ਗ੍ਰਾਂਟਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਪੰਚਾਇਤਾਂ ਵੱਲੋਂ ਬੀਬਾ ਬਾਦਲ ਦਾ ਸਨਮਾਨ ਵੀ ਕੀਤਾ ਗਿਆ। ਪਿੰਡ ਚੱਠੇਵਾਲਾ ਵਿੱਚ ਭੋਲਾ ਸਿੰਘ ਨਾਂ ਦੇ ਵਿਅਕਤੀ ਅਤੇ ਉਸਦੀ ਪਤਨੀ ਵੱਲੋਂ ਇੱਕ ਲੜਕੀ ਨੂੰ ਗੋਦ ਲੈਣ ਤੇ ਬੀਬਾ ਬਾਦਲ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ 2100 ਰੁਪਏ ਸ਼ਗਨ ਵਜੋਂ ਦਿੱਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਤਿੰਦਰ ਸਿੰਘ ਰਿੰਪੀ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ, ਸੀਨ:ਅਕਾਲੀ ਆਗੂ ਪਰਮਜੀਤ ਸਿੰਘ ਮਾਨਸ਼ਾਹੀਆ, ਜਿਲ੍ਹਾ ਪ੍ਰੀਸ਼ਦ ਮੈਂਬਰ ਸੁਖਮੰਦਰ ਭਾਗੀਵਾਂਦਰ, ਬਲਵਿੰਦਰ ਗਿੱਲ ਤੇ ਗੁਰਪ੍ਰੀਤ ਮਾਨਸ਼ਾਹੀਆ ਦੋਵੇਂ ਕੌਂਸਲਰ,ਗੁਰਦੀਪ ਮਾਨ ਜਗ੍ਹਾ ਜਿਲ੍ਹਾ ਮੀਤ ਪ੍ਰਧਾਨ ਯੂਥ ਅਕਾਲੀ ਦਲ,ਜਗਰੂਪ ਸਿੰਘ ਸਰਪੰਚ ਚੱਠੇਵਾਲਾ,ਅਜੈਬ ਸਿੰਘ ਨੱਤ,ਯੂਥ ਆਗੂ ਹੈਪੀ ਸੰਧੂ ਠੇਕੇਦਾਰ ਅਤੇ ਪਿੰਦਰ ਸ਼ਰਮਾ, ਰਾਣਾ ਤਲਵੰਡੀ ਸਾਬੋ,ਭਾਗ ਸਿੰਘ ਕਾਕਾ ਗੁਰੂਸਰ, ਬਲਤੇਜ ਗਿੱਲ ਆਦਿ ਆਗੂ ਹਾਜਿਰ ਸਨ।