ਸ੍ਰੀ ਆਨੰਦਪੁਰ ਸਾਹਿਬ 16 ਅਪ੍ਰੈਲ (ਦਵਿੰਦਰਪਾਲ ਸਿੰਘ, ਅੰਕੁਸ਼)- ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਲੜੀ ਤਹਿਤ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਸਾ ਸੰਭਾਲ ਵਿਸਾਖੀ ਗੱਤਕਾ ਕੱਪ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਵਿਰਾਸਤੀ ਟੂਰਨਾਮੈਂਟ ਵਿੱਚ ਚੋਟੀ ਦੀਆਂ ਟੀਮਾਂ ਨੇ ਆਪਣੇ ਜੰਗਜੂ ਕਰਤਬ ਦਿਖਾਏ। ਇਸ ਮੌਕੇ ਬੋਲਦਿਆਂ ਸਕੱਤਰ ਬਲਜੀਤ ਸਿੰਘ ਸੈਣੀ ਅਤੇ ਜਿਲਾ ਗੱਤਕਾ ਐਸੋਸੀਏਸ਼ਨ ਰੂਪਨਗਰ ਦੇ ਸਰਪਰਸਤ ਜਥੇਦਾਰ ਜਗਮਿੱਤਰ ਸਿੰਘ ਨੇ ਕਿਹਾ ਕਿ ਦੇਸ਼ ਦੀ ਮਾਣਮੱਤੀ ਖੇਡ ਗੱਤਕਾ ਨੂੰ ਕੌਮਾਂਤਰੀ ਪੱਧਰ ’ਤੇ ਪ੍ਰਫੁੱਲਤ ਕਰ ਰਹੀ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਗੱਤਕੇ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਹੋਰਨਾਂ ਖੇਡਾਂ ਵਾਂਗ ਪ੍ਰਸਿੱਧੀ ਦਿਵਾਈ ਜਾਵੇਗੀ ਤਾਂ ਜੋ ਗੱਤਕਾ ਖਿਡਾਰੀ ਵੀ ਦੂਜੇ ਖਿਡਾਰੀਆਂ ਵਾਂਗ ਆਪਣਾ ਬਣਦਾ ਹੱਕ ਅਤੇ ਮਾਣ-ਸਨਮਾਨ ਹਾਸਲ ਕਰ ਸਕਣ। ਉਨ੍ਹਾਂ ੳਕਤ ਗੱਤਕਾ ਖੇਡ ਸੰਸਥਾਵਾਂ ਵੱਲੋਂ ਗੱਤਕੇ ਨੂੰ ਅਮੀਰ ਵਿਰਸੇ ਪੱਖੋਂ ਅਤੇ ਖੇਡ ਦੇ ਤੌਰ ’ਤੇ ਵਿਕਸਤ ਕਰਨ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਇਸ ਵਿਰਾਸਤੀ ਖੇਡ ਨੂੰ ਘਰ-ਘਰ ਦੀ ਖੇਡ ਬਣਾਉਣ ਲਈ ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ, ਸਭਾਵਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਇਸ ਖੇਡ ਦੀ ਮਕਬੂਲੀਅਤ ਵਿੱਚ ਹੋਰ ਵਾਧਾ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਗੱਤਕਾ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਗੁਰਵਿੰਦਰ ਸਿੰਘ ਕਾਕੂ ਅਤੇ ਹਰਭਜਨ ਸਿੰਘ ਕਟਲੀ ਵੀ ਹਾਜਰ ਸਨ।