ਫਿਰੋਜ਼ਪੁਰ, 11 ਅਪ੍ਰੈਲ (ਮਨੋਹਰ ਲਾਲ)- ਫਿਲਮ ਨਾਨਕ ਸ਼ਾਹ ਫ਼ਕੀਰ ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਇਕ ਮੰਗ ਪਤਰ ਸੌਂਪਿਆ। ਇਹ ਮੰਗ ਪਤਰ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁਲਰ ਦੀ ਅਗਵਾਈ ’ਚ ਫਿਰੋਜ਼ਪੁਰ ਦੇ ਡੀਸੀ ਦਫਤਰ ਵਿਚ ਅਧਿਕਾਰੀਆਂ ਨੂੰ ਦਿਤਾ ਗਿਆ। ਇਸ ਮੌਕੇ ਗੁਰਚਰਨ ਸਿੰਘ ਭੁਲਰ ਨੇ ਆਖਿਆ ਕਿ 13 ਅਪ੍ਰੈਲ 2018 ਨੂੰ ਫਿਲਮ ਨਾਨਕ ਸ਼ਾਹ ਫਕੀਰ ਰਿਲੀਜ਼ ਕੀਤੀ ਜਾ ਰਹੀ ਹੈ ਜਿਸ ਵਿਚ ਸਿੱਖ ਕੌਮ ਦੇ ਸ਼ਾਨਾਮਤੀ ਇਤਿਹਾਸ ਦੇ ਰੂਹਾਨੀ ਅਤੇ ਉਚੀਆਂ ਸੁੱਚੀਆਂ ਹਸਤੀਆਂ ਅਤੇ ਗੁਰੂ ਸਾਹਿਬ ਦੇ ਕਿਰਦਾਰ ਨੂੰ ਦੁਨਿਆਵੀਂ ਅਦਾਕਾਰਾਂ ਦੁਆਰਾ ਨਿਭਾਇਆ ਜਾ ਰਿਹਾ ਹੈ। ਸਿੱਖ ਕੌਮ ਵਿਚ ਬੁੱਤ ਪ੍ਰਸਤੀ ਦੀ ਸਖਤ ਮਨਾਹੀ ਹੈ ਅਤੇ ਇਹੀ ਕਾਰਨ ਹੈ ਕਿ ਸਿੱਖ ਧਰਮ ਵਿਚ ਕਿਸੇ ਇਨਸਾਨ ਨੂੰ ਨਾ ਹੀ ਗੁਰੂ ਸਾਹਿਬ ਦੇ ਕਿਰਦਾਰ ਨਿਭਾਉਣ ਦੀ ਆਗਿਆ ਹੈ ਅਤੇ ਨਾ ਹੀ ਸਿੱਖ ਕੌਮ ਦੇਹਧਾਰੀ ਪਾਖੰਡੀ ਨੂੰ ਨਿਰੰਕਾਰ ਦੇ ਕਿਰਦਾਰ ਨਿਭਾਉਣ ਦੀ ਆਗਿਆ ਹੈ ਨਾ ਹੀ ਸਿੱਖ ਕਿਸੇ ਦੇਹ ਧਾਰੀ ਪਾਖੰਡੀ ਨੂੰ ਨਿਰੰਕਾਰ ਦੀ ਜੋਤ ਗੁਰੂ ਸਾਹਿਬਾਨ ਦਾ ਰੂਪ ਧਾਰਦੇ ਜਾਂ ਖੁਦ ਨੂੰ ਗੁਰੂ ਅਖਵਾਉਂਦੇ ਬਰਦਾਸ਼ਤ ਕਰ ਸਕਦੇ ਹਨ। ਇਸ ਫਿਲਮ ਨੂੰ ਸਿੱਖ ਕੌਮ ਕਦੇ ਵੀ ਕਿਸੇ ਵੀ ਹਾਲਤ ਵਿਚ ਰਿਲੀਜ਼ ਨਹੀਂ ਹੋਣ ਦੇਵੇਗੀ, ਇਸ ਦੇ ਨਾਲ ਹੀ ਸਾਡੇ ਵੱਲੋਂ ਸਖਤ ਤਾੜਨਾ ਹੈ ਜੇਕਰ ਫਿਰ ਵੀ ਸਿੱਖ ਕੌਮ ਦੇ ਸਿਧਾਤਾਂ ਨੂੰ ਢਾਹ ਲਾੳਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਅਤੇ ਬਾਹਰ ਹਲਾਤ ਖਰਾਬ ਹੋਣ ਲਈ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਅਦਾਕਾਰ ਜ਼ਿੰਮੇਵਾਰ ਹੋਣਗੇ। ਉਹ ਪੰਜਾਬ ਦੀ ਅਮਨ ਸ਼ਾਂਤੀ ਬਹਾਲ ਰੱਖਣ ਲਈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਨ ਕਿ ਫਿਲਮ ਦੇ ਰਿਲੀਜ਼ ਤੇ ਫੌਰੀ ਤੌਰ ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਕਿ ਪੰਜਾਬ ਦੀ ਅਮਨ ਸ਼ਾਂਤੀ ਬਹਾਲ ਰੱਖੀ ਜਾਵੇ ਅਤੇ ਹਾਲਾਤਾਂ ਨੂੰ ਵਿਗੜਨ ਤੋਂ ਬਚਾਇਆ ਜਾਵੇ। ਇਸ ਮੌਕੇ ਤੇਜਿੰਦਰ ਸਿੰਘ ਦਿਉਲ, ਗੁਰਦੀਪ ਸਿੰਘ, ਨਿਸ਼ਾਨ ਸਿੰਘ, ਗਿਆਨ ਸਿੰਘ, ਇਕਬਾਲ ਸਿੰਘ ਗੁਰੂਹਰਸਹਾਏ, ਸੂਰਤ ਸਿੰਘ, ਜਸਵੰਤ ਸਿੰਘ, ਸੁਖਦੇਵ ਸਿੰਘ, ਕਰਤਾਰ ਸਿੰਘ ਸਰਕਲ ਪ੍ਰਧਾਨ ਆਰਿਫਕੇ, ਬਾਬਾ ਪ੍ਰਤਾਪ ਸਿੰਘ, ਮਨਮੀਤ ਸਿੰਘ, ਗੁਰਲਾਲ ਸਿੰਘ, ਕਰਨਜੀਤ ਸਿੰਘ, ਪਰਮਜੀਤ ਸਿੰਘ, ਬਲਵੀਰ ਸਿੰਘ, ਦਰਸ਼ਨ ਸਿੰਘ ਦਿਉਲ, ਗੂਰਭੇਜ ਸਿੰਘ ਆਦਿ ਹਾਜ਼ਰ ਸਨ।