ਮੌੜ ਪੁਲਿਸ ਨੇ ਨਾਬਾਲਗ ਲੜਕੀ ਨੂੰ ਅਜ਼ਾਦ ਕਰਵਾ ਕੇ ਭੇਜਿਆ ਸਖੀ ਸੈਂਟਰ ਬਠਿੰਡਾ

ਮੌੜ ਮੰਡੀ, 6 ਅਪ੍ਰੈਲ- ਨਜ਼ਾਇਜ਼ ਤੌਰ ਤੇ ਇਕ ਨਾ ਬਾਲਗ ਲੜਕੀ ਨੂੰ ਆਪਣੇ ਕਬਜ਼ੇ ’ਚ ਰੱਖਣ ਅਤੇ ਗਰੀਬ ਮਾਂ ਦੀ ਕੋਈ ਸੁਣਵਾਈ ਨਾ ਹੋਣ ਸਬੰਧੀ ਬੀਤੇ ਮੀਡੀਆਂ ਵਿਚ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਹਰਕਤ ਵਿਚ ਆਈ ਥਾਣਾ ਮੌੜ ਦੀ ਪੁਲਿਸ ਨੇ ਨਾਬਾਲਗ ਲੜਕੀ ਨੂੰ ਜਿਮੀਦਾਰ ਦੇ ਪੰਜੇ ’ਚੋਂ ਅਜ਼ਾਦ ਕਰਵਾ ਲਿਆ ਅਤੇ ਬਾਲ ਵਿਕਾਸ ਦਫਤਰ ਬਠਿੰਡਾ ਵਿਖੇ ਪੇਸ਼ ਕੀਤਾ ਗਿਆ। ਇਸ ਉਪਰੰਤ ਬੱਚੀ ਨੂੰ ਸਖੀ ਸੈਂਟਰ ਬਠਿੰਡਾ ਵਿਖੇ ਭੇਜ ਦਿੱਤਾ ਗਿਆ। ਜਿਕਰਯੋਗ ਹੈ ਕਿ ਨਜਾਇਜ਼ ਤੌਰ ਤੇ ਇਕ ਨਾਬਾਲਗ ਲੜਕੀ ਨੂੰ ਆਪਣੇ ਕਬਜ਼ੇ ਵਿਚ ਰੱਖਣ ਵਾਲੇ ਜਿਮੀਦਾਰ ਖਿਲਾਫ਼ ਜਦ ਮੀਡੀਆਂ ’ਚ ਖਬਰਾਂ ਪ੍ਰਕਾਸ਼ਿਤ ਹੋਈਆ ਤਾਂ ਪੁਲਿਸ ਨੇ ਆਪਣੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਅਤੇ ਜਿਸ ਤੇ ਜਿਮੀਦਾਰ ਪੂਰੀ ਤਰ੍ਹਾਂ ਭੜਕ ਗਿਆ ਅਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੀੜਿਤ ਮਾਂ ਅਤੇ ਬੱਚੀ ਦੇ ਚਰਿੱਤਰ ਨੂੰ ਖਰਾਬ ਕਰਨ ਵਾਲੀ ਇਕ ਵੀਡਿਓ ਸ਼ੋਸ਼ਲ ਮੀਡੀਆਂ ਤੇ ਪਾ ਦਿੱਤੀ। ਇਸ ਵੀਡਿਓ ਵਿਚ ਜਿੱਥੇ ਜਿਮੀਦਾਰ ਵਲੋਂ ਆਪਣੇ ਕਬਜ਼ੇ ’ਚ ਰੱਖੀ ਹੋਈ ਕੁੜੀ ਦਾ ਚਿਹਰਾ ਦਿਖਾ ਕੇ ਉਸਦੀ ਪਛਾਣ ਦੀ ਗੋਪਨੀਅਤਾ ਨੂੰ ਭੰਗ ਕਰ ਦਿੱਤਾ ਗਿਆ ਉਥੇ ਉਸਦੀ ਮਾਂ ਤੇ ਵੀ ਗੰਭੀਰ ਇਲਜ਼ਾਮ ਲਗਾ ਕੇ ਮਾਂ ਦੇ ਚਰਿੱਤਰ ਨੂੰ ਵੀ ਪੂਰੇ ਸਮਾਜ਼ ਵਿਚ ਖਰਾਬ ਕਰ ਦਿੱਤਾ ਅਤੇ ਵੀਡਿਓ ਵਿਚ ਇੱਥੋਂ ਤੱਕ ਇਲਜਾਮ ਲਗਾਏ ਗਏ ਕਿ ਮਾਂ ਆਪਣੀ ਬੱਚੀ ਤੋਂ ਧੰਦਾ ਕਰਵਾਉਂਦੀ ਸੀ। ਇਸ ਸਬੰਧੀ ਲੜਕੀ ਦੀ ਮਾਤਾ ਨੇ ਥਾਣਾ ਮੌੜ ਵਿਖੇ ਪੱਤਰਕਾਰਾਂ ਨੂੰ ਦੱ੍ਯਸਿਆ ਕਿ ਮੈਂ ਦੋ ਵਾਰ ਥਾਣੇ ਦਰਖਾਸਤ ਦੇ ਚੁੱਕੀ ਹਾਂ ਪ੍ਰੰਤੂ ਗਰੀਬ ਹੋਣ ਕਾਰਨ ਮੇਰੀ ਕੋਈ ਸੁਣਵਾਈ ਨਹੀ ਹੋ ਰਹੀ,ਸਗੋਂ ਮੇਰੀ ਲੜਕੀ ਨੂੰ ਵਰਗਲਾ ਕੇ ਮੇਰੇ ਖਿਲਾਫ਼ ਹੀ ਬਿਆਨਬਾਜ਼ੀ ਕਰਵਾਈ ਜਾ ਰਹੀ ਉਸਨੇ ਦੱਸਿਆ ਕਿ ਮੈਂ ਗਰੀਬ ਔਰਤ ਹਾਂ ਮੈਂ ਉਕਤ ਜਿਮੀਦਾਰ ਤੋਂ 2500 ਰੁਪਏ ਉਧਾਰੇ ਲਏ ਸਨ ਜਿਸ ਵਿਚੋਂ ਜਿਮੀਦਾਰ ਨੇ ਵਿਆਜ ਦੇ ਰੂਪ ਵਿਚ 200 ਰੁਪਏ ਅਡਵਾਂਸ ਹੀ ਕੱਟ ਲਏ ਸਨ ਅਤੇ ਹੁਣ ਅਸੀਂ ਉਸ ਨੂੰ ਰੋਜ਼ਾਨਾ 50 ਰੁਪਏ ਦੇ ਹਿਸਾਬ ਨਾਲ 50 ਦਿਨਾਂ ’ਚ 2500 ਰੁਪਏ ਵਾਪਿਸ ਕਰਨੇ ਸਨ ਜਿਸ ਦੇ ਬਦਲੇ ਵਿਚ ਮੇਰੀ ਲੜਕੀ ਉਕਤ ਜਿਮੀਦਾਰ ਦੇ ਘਰ ਕੰਮ ਵੀ ਕਰਦੀ ਸੀ। ਉਕਤ ਜਿਮੀਦਾਰ, ਇਸ ਦੇ ਨੌਕਰ ਅਤੇ ਨੌਕਰ ਦੇ ਇਕ ਭਰਾ ਨੇ ਮੇਰੀ ਲੜਕੀ ਨੂੰ ਇਕ ਮੋਬਾਇਲ ਫੋਨ ਦੇ ਦਿੱਤਾ। ਜਦ ਮੈਂ ਕੰਮ ਤੇ ਚਲੀ ਜਾਂਦੀ ਤਾਂ ਮੇਰੀ ਲੜਕੀ ਨਾਲ ਇਹ ਲੋਕ ਫੋਨ ਤੇ ਗੱਲਾਂ ਕਰਦੇ ਜਦ ਇਸ ਸਬੰਧੀ ਮੈਂ ਆਪਣੀ ਲੜਕੀ ਨੂੰ ਝਿੜਿਕਿਆਂ ਤਾਂ ਇਹਨਾਂ ਨੇ ਉਸ ਨੂੰ ਆਪਣੀਆਂ ਗੱਲਾਂ ’ਚ ਫਸਾ ਲਿਆ ਅਤੇ ਦਿਨ ਰਾਤ ਆਪਣੇ ਘਰੇ ਰੱਖਣ ਲੱਗੇ ਅਤੇ ਕਹਿਣ ਲੱਗੇ ਕਿ ਅਸੀਂ ਤੇਰੀ ਲੜਕੀ ਨੂੰ ਸ਼ਿਮਲੇ ਇਕ ਵਿਆਹ ਵਿਚ ਲੈ ਕੇ ਜਾਵਾਂਗੇ। ਜਿਸ ਤੋਂ ਮੈਂ ਪੂਰੀ ਤਰ੍ਹਾਂ ਡਰ ਗਈ। ਜਦ ਮੈਂ ਆਪਣੀ ਲੜਕੀ ਨੂੰ ਜਿਮੀਦਾਰ ਦੇ ਘਰੋਂ ਵਾਪਿਸ ਲੈਣ ਲਈ ਗਈ ਤਾਂ ਉਹਨਾਂ ਨੇ ਮੇਰੀ ਕੁੱਟਮਾਰ ਕਰਦੇ ਹੋਏ ਲੜਕੀ ਨੂੰ ਵਾਪਿਸ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਸਬੰਧੀ ਜਦ ਮੈਂ ਥਾਣਾ ਮੌੜ ਵਿਖੇ ਦਰਖਾਸਤ ਦਿੱਤੀ ਤਾਂ ਇਹਨਾਂ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਕਿਹਾ ਕਿ ਅਸੀਂ ਹੁਣ ਤੇਰੀ ਲੜਕੀ ਤੋਂ ਤੇਰੀ ਖਿਲਾਫ਼ ਹੀ ਬਿਆਨ ਦਿਵਾ ਕੇ ਤੈਨੂੰ ਫਸਾ ਦੇਵਾਂਗੇ। ਮਾਮਲਾ ਮੀਡੀਆਂ ’ਚ ਆ ਜਾਣ ਉਪਰੰਤ ਜਦ ਥਾਣਾ ਮੌੜ ਦੀ ਪੁਲਿਸ ਨੇ ਬੱਚੀ ਨੂੰ ਛੁਡਵਾਉਣ ਸਬੰਧੀ ਕਾਰਵਾਈ ਸ਼ੁਰੂ ਕੀਤੀ ਤਾਂ ਜਿਮੀਦਾਰ ਭੜਕ ਗਿਆ ਅਤੇ ਉਸ ਨੇ ਸ਼ੋਸ਼ਲ ਮੀਡੀਆ ਤੇ ਇਕ ਵੀਡਿਓ ਵਾਇਰਲ ਕਰ ਦਿੱਤੀ । ਇਸ ਵੀਡਿਓ ਵਿਚ ਉਸ ਨੇ ਮੇਰਾ ਅਤੇ ਮੇਰੀ ਬੱਚੀ ਦੇ ਚਰਿੱਤਰ ਦਾ ਪੂਰੇ ਸਮਾਜ ਵਿਚ ਅਕਸ ਖਰਾਬ ਕਰ ਦਿੱਤਾ । ਜਿਸ ਸਬੰਧੀ ਮੈਂ ਥਾਣਾ ਮੌੜ ਵਿਖੇ ਦਰਖਾਸਤ ਵੀ ਦਿੱਤੀ ਹੈ ਕਿ ਵੀਡਿਓ ਵਾਇਰਲ ਕਰਨ ਵਾਲੇ ਲੋਕਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਲੋਕ ਅੱਗੇ ਤੋਂ ਕਿਸੇ ਦਾ ਚਰਿੱਤਰ ਇਸ ਤਰ੍ਹਾਂ ਦਾਗਦਾਰ ਨਾ ਕਰ ਸਕਣ। ਲੜਕੀ ਦੀ ਮਾਂ ਨੇ ਥਾਣਾ ਮੌੜ ਅਤੇ ਹੋਰ ਉਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਭੇਜਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਪਾਸੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਕਿ ਵਾਇਰਲ ਕੀਤੀ ਗਈ ਵੀਡਿਓ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ। ਉਸ ਨੇ ਕਿਹਾ ਕਿ ਜੇਕਰ ਮੈਂ ਦੋਸ਼ੀ ਹੋਵਾਂ ਤਾਂ ਮੈਨੂੰ ਬਣਦੀ ਸਜਾ ਦਿੱਤੀ ਜਾਵੇ ਨਹੀ ਤਾਂ ਮੇਰਾ ਅਤੇ ਮੇਰੀ ਬੱਚੀ ਦਾ ਚਰਿੱਤਰ ਦਾਗਦਾਰ ਕਰਦੀ ਵੀਡਿਓ ਵਾਇਰਲ ਕਰਨ ਵਾਲਿਆ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੇਰੀ ਗਰੀਬੀ ਦਾ ਫਾਇਦਾ ਉਠਾ ਕੇ ਇਹ ਲੋਕ ਮੈਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ । ਮੈਨੂੰ ਡਰਾਇਆ, ਧਮਕਾਇਆ ਅਤੇ ਦਬਾਇਆ ਜਾ ਰਿਹਾ ਹੈ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਕ ਗਰੀਬ ਔਰਤ ਉਹਨਾਂ ਦਾ ਕੀ ਵਿਗਾੜ ਸਕਦੀ ਹੈ। ਇਸ ਸਬੰਧੀ ਐਸ.ਐਚ.ਓ. ਮੌੜ ਸ਼੍ਰੀ ਮਨੋਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਅਧਾਰ ਤੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਉਸ ਉਪਰੰਤ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Send this to a friend