ਅੱਤਵਾਦ ਗਲੋਬਲ ਸ਼ਾਂਤੀ ਲਈ ਸਭ ਤੋਂ ਵੱਡੇ ਖਤਰਿਆਂ ’ਚੋਂ ਇੱਕ : ਸੁਸ਼ਮਾ ਸਵਰਾਜ

ਗੁੱਟ ਨਿਰਲੇਪ ਦੇਸ਼ਾਂ ਦੀ 18ਵੀਂ ਬੈਠਕ ਨੂੰ ਕੀਤਾ ਸੰਬੋਧਨ

ਬਾਕੂ, 5 ਅਪ੍ਰੈਲ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਜ ਕਿਹਾ ਕਿ ਅਤਵਾਦ ਕੌਮਾਂਤਰੀ ਸ਼ਾਂਤੀ ਅਤੇ ਸੁਰਖਿਆ ਲਈ ਸਭ ਤੋਂ ਵਡਾ ਖਤਰਾ ਹੈ ਅਤੇ ਉਹ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਦੀ ਸਮਰਥਾ ਨੂੰ ਕਮਜ਼ੋਰ ਕਰ ਦਿੰਦਾ ਹੈ। ਇਥੇ ਗੁਟ ਨਿਰਲੇਪ ਦੇਸ਼ਾਂ ਦੀ 18ਵੀਂ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਸੁਸ਼ਮਾ ਨੇ ਸੰਯੁਕਤ ਰਾਸ਼ਟਰ ਸੁਰਖਿਆ ਪ੍ਰੀਸ਼ਦ ਵਿਚ ਸੁਧਾਰਾਂ ‘ਤੇ ਵੀ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਕਾਫੀ ਸਮੇਂ ਤੋਂ ਪੈਨਡਿੰਗ ਸੰਯੁਕਤ ਰਾਸ਼ਟਰ ਸੁਰਖਿਆ ਪ੍ਰੀਸ਼ਦ ਵਿਚ ਸੁਧਾਰ ਦੇ ਬਿਨਾਂ ਇਸ ਗਲੋਬਲ ਸੰਸਥਾ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਪੂਰੀ ਨਹੀਂ ਹੋਵੇਗੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਕੌਮਾਂਤਰੀ ਸ਼ਾਂਤੀ ਅਤੇ ਸੁਰਖਿਆ ਲਈ ਅਤਵਾਦ ਸਭ ਤੋਂ ਵਡੇ ਖਤਰਿਆਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਨਾਗਰਿਕਾਂ ਨੂੰ ਆਪਣਾ ਸ਼ਿਕਾਰ ਬਦਾਉਂਦਾ ਹੈ ਅਤੇ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਦੀ ਸਾਡੀ ਸਮਰਥਾ ਨੂੰ ਕਮਜ਼ੋਰ ਕਰ ਦਿੰਦਾ ਹੈ। ਦਸਣਯੋਗ ਹੈ ਕਿ ਇਸ ਬੈਠਕ ਦੀ ਪ੍ਰਧਾਨਗੀ ਵੈਨਜ਼ੁਏਲਾ ਦੇ ਵਿਦੇਸ਼ ਮੰਤਰੀ ਜੋਰਜ ਏਰੀਅਜਾ ਨੇ ਕੀਤੀ।
ਅਗੇ ਸੁਸ਼ਮਾ ਨੇ ਕਿਹਾ 1996 ਵਿਚ ਭਾਰਤ ਨੇ ਕੌਮਾਂਤਰੀ ਅਤਵਾਦ ‘ਤੇ ਇਕ ਵਿਆਪਕ ਸਮਝੌਤੇ (ਸੀਸੀਆਈਟੀ) ਦਾ ਪ੍ਰਸਤਾਵ ਦਿਤਾ ਸੀ ਤਾਂ ਕਿ ਮੌਜੂਦਾ ਕਾਨੂੰਨੀ ਢਾਂਚੇ ਨੂੰ ਮਜਬੂਤ ਕੀਤਾ ਜਾ ਸਕੇ। ਦੋ ਦਹਾਕਿਆਂ ਬਾਅਦ ਵੀ ਇਸ ਚਰਚਾ ਨੇ ਕਾਫੀ ਘਟ ਪ੍ਰਗਤੀ ਕੀਤੀ ਹੈ, ਜਦੋਂਕਿ ਅਤਵਾਦੀਆਂ ਨੇ ਆਪਣੀਆਂ ਹਰਕਤਾਂ ਜਾਰੀ ਰਖੀਆਂ ਹਨ। ਸੁਸ਼ਮਾ ਨੇ ਕਿਹਾ ਕਿ ਪਹਿਲੇ ਕਦਮ ਦੇ ਤੌਰ ‘ਤੇ ਸਾਨੂੰ ਸੀਸੀਆਈਟੀ ਨੂੰ ਅੰਤਿਮ ਰੂਪ ਦੇਣ ਦੇ ਆਪਣੇ ਸੰਕਲਪ ਦਾ ਨਵੀਨੀਕਰਨ ਕਰਨਾ ਚਾਹੀਦਾ ਹੈ। ਉਥੇ ਹੀ ਗੁਟ ਨਿਰਲੇਪ ਦੇਸ਼ਾਂ ਨੂੰ ਵੀ ਇਸ ਟੀਚੇ ਦੇ ਪ੍ਰਤੀ ਗਲੋਬਲ ਭਾਈਚਾਰੇ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ।
ਅਗੇ ਉਨ੍ਹਾਂ ਕਿਹਾ ਫਿਲੀਸਤੀਨ ਨੂੰ ਭਾਰਤ ਦਾ ਸਮਰਥਨ ਸਾਡੀ ਵਿਦੇਸ਼ ਨੀਤੀ ਦਾ ਇਕ ਅਹਿਮ ਸੰਦਰਭ ਬਿੰਦੂ ਹੈ। ਇਸ ਮੋੜ ‘ਤੇ ਗੁਟ ਨਿਰਲੇਪ ਦੇਸ਼ਾਂ ਲਈ ਇਹ ਚੰਗਾ ਹੋਵੇਗਾ ਕਿ ਉਹ ਫਿਲੀਸਤੀਨੀ ਅਵਾਮ ਦੇ ਪ੍ਰਤੀ ਇਕਜੁਟਤਾ ਜ਼ਾਹਰ ਕਰਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਮਾਣੂ ਪ੍ਰਸਾਰ, ਹਥਿਆਰਬੰਦ ਸੰਘਰਸ਼, ਸ਼ਰਣਾਰਥੀ ਸੰਕਟ, ਅਤਵਾਦ, ਗਰੀਬੀ ਅਤੇ ਵਾਤਾਵਰਣ ਚਿੰਤਾ ਵਰਗੀਆਂ ਚੁਣੌਤੀਆਂ ਦਾ ਅਜ ਅਸੀਂ ਸਾਹਮਣਾ ਕਰ ਰਹੇ ਹਾਂ, ਇਨ੍ਹਾਂ ਲਈ ਹੋਰ ਜ਼ਿਆਦਾ ਪ੍ਰਭਾਵੀ ਬਹੁ-ਪਖੀ ਕੋਸ਼ਿਸ਼ਾਂ ਦੀ ਜ਼ਰੂਰਤ ਹੈ। ਅਗੇ ਉਨ੍ਹਾਂ ਇਹ ਵੀ ਕਿਹਾ ਕਿ ਸਾਲ 2015 ਵਿਚ ਅਸੀਂ ਲਗਾਤਾਰ ਵਿਕਾਸ ਟੀਚਿਆਂ (ਐਸਡੀਜੀ) ਨੂੰ ਅਪਣਾਇਆ ਸੀ ਤਾਂ ਕਿ ਅਸੀਂ ਉਨ੍ਹਾਂ ਵਿਕਾਸ ਚੁਣੌਤੀਆਂ ਦਾ ਹਲ ਪ੍ਰਾਪਤ ਕਰ ਸਕੀਏ, ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ।

Send this to a friend