ਫਾਜ਼ਿਲਕਾ, 5 ਅਪ੍ਰੈਲ (ਰਾਜ ਅਰੋੜਾ)- ਪੰਜਾਬ ਹੈਲਥ ਡਿਪਾਰਟਮੈਂਟ ਸੁਬਾਰਡੀਨੇਟ ਆਫਿਸਿਜ ਕਲੈਰੀਕਲ ਐਸੋਸੀਏਸ਼ਨ ਦੀ ਅਗਵਾਈ ਵਿਚ ਅੱਜ ਰੈਗੂਲਰ ਅਤੇ ਠੇਕੇ ਦੇ ਆਧਾਰ ਤੇ ਕੰਮ ਕਰਦੇ ਵੱਖ ਵੱਖ ਸ਼੍ਰੈਣੀਆਂ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿਰੋਧ ਵਿਚ ਸਿਵਲ ਸਰਜ਼ਨ ਫਾਜ਼ਿਲਕਾ ਦੇ ਦਫ਼ਤਰ ਦੇ ਬਾਹਰ ਕਾਲੇ ਬਿਲੇ ਲਗਾਕੇ ਗੇਟ ਰੈਲੀ ਕਰਦੇ ਹੋਏ ਨਾਅਰੇਬਾਜੀ ਕੀਤੀ। ਇਸ ਮੌਕੇ ਸੰਦੀਪ ਖੁਰਾਣਾ ਵਿੱਤ ਸਕੱਤਰ ਅਤੇ ਰਜਿੰਦਰ ਕੰਬੋਜ ਸੰਯੁਕਤ ਸਕੱਤਰ ਨੇ ਕਿਹਾ ਕਿ ਪੰਜਾਬ ਵਿਧਾਨਸਭਾ ਵਿਚ ਪੇਸ਼ ਕੀਤਾ ਗਿਆ ਬਜਟ ਕਰਮਚਾਰੀ ਵਿਰੋਧੀ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਕ੍ਰਿਸ਼ਨ ਕੰਬੋਜ ਨੇ ਦੱਸਿਆ ਕਿ ਸਾਲ 2018-19 ਲਈ ਪੇਸ਼ ਕੀਤੇ ਗਏ ਬਜਟ ਵਿਚ ਪੰਜਾਬ ਸਰਕਾਰ ਵੱਲੋਂ ਬੀਤੇ 22 ਮਹੀਨਿਆਂ ਦਾ ਬਕਾਇਆ, ਜਨਵਰੀ 2017 ਤੋਂ ਮਹਿੰਗਾਈ ਭੱਤੇ ਦੀਆਂ ਤਿੰਨ ਬਕਾਇਆ ਕਿਸ਼ਤਾਂ ਅਤੇ 6ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਸਬੰਧੀ ਕੋਈ ਵਰਣਨ ਨਹੀਂ ਕੀਤਾ ਗਿਆ ਅਤੇ ਸਰਕਾਰ ਵੱਲੋਂ ਵਿਕਾਸ ਦੇ ਨਾਮ ਤੇ ਕਰਮਚਾਰੀਆਂ ਤੋਂ 200 ਰੁਪਏ ਪ੍ਰਤੀ ਮਹੀਨਾ ਟੈਕਸ ਵਸੂਲ ਕਰਨ ਸਬੰਧੀ ਫਰਮਾਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਸਬੰਧੀ ਪੰਜਾਬ ਹੈਲਥ ਡਿਪਾਰਟਮੈਂਟ ਸੁਬਾਰਡੀਨੇਟ ਦਫ਼ਤਰ ਕਲੈਰੀਕਲ ਐਸੋਸੀਏਸ਼ਨ ਦੀ ਸੂਬਾਈ ਕਮੇਟੀ ਵੱਲੋਂ ਬਣਾਏ ਗਏ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਦੇ ਗਲਤ ਫੈਸਲਿਆਂ ਦੇ ਖਿਲਾਫ਼ ਅੱਜ ਗੇਟ ਰੈਲੀ ਕੀਤੀ ਗਈ ਅਤੇ ਬਜਟ ਦੀਆਂ ਕਾਪੀਆਂ ਸਾੜ੍ਹੀਆਂ ਗਈਆਂ ਅਤੇ ਅਗਲਾ ਪ੍ਰੋਗਰਾਮ ਸੂਬਾਈ ਕਮੇਟੀ ਵੱਲੋਂ ਲਏ ਜਾਣ ਵਾਲੇ ਫੈਸਲੇ ਦੇ ਮੁਤਾਬਕ ਬਣਾਇਆ ਜਾਵੇਗਾ। ਇਸ ਮੌਕੇ ਰੁਪਿੰਦਰ ਕੌਰ ਸੁਪਰਡੈਂਟ, ਰਜਿੰਦਰ ਕੰਬੋਜ, ਈਸ਼ਰ ਸਿੰਘ, ਸਾਜਨ, ਕਰਨ ਸ਼ਰਮਾ, ਨਿਸ਼ਾਂਤ, ਰਜਨੀ, ਜੋਤੀ, ਪੂਜਾ, ਰੀਸ਼ੂ, ਗੀਤਾ, ਤਰੁਣ, ਸਟੈਨੋ ਰੋਹਿਤ, ਸੋਮਾ ਦੇਵੀ ਸੁਪਰਡੈਂਟ, ਸੁਖਵਿੰਦਰ ਪਾਲ, ਰੇਖਾ, ਮਮਤਾ, ਅਮਿਤ, ਬਲਜੀਤ, ਰੋਬਿਨ, ਕੁਸ਼ਲ, ਸਤੀਸ਼, ਸੁਨੀਲ, ਅਤਿੰਦਰ ਸਿੰਘ, ਸੰਜੀਵ ਗਰੋਵਰ, ਰਾਜੀਵ ਜੁਨੇਜਾ, ਕ੍ਰਿਸ਼ਨ ਲਾਲ ਹਾਜ਼ਰ ਸਨ।