ਭ੍ਰਿਸ਼ਟਾਚਾਰ ਖਿਲਾਫ਼ ਲੰਬੀ ਲੜਾਈ ਲੜਨ ਵਾਲੇ ਸਮਾਜ ਸੇਵੀ ਬਜ਼ੁਰਗ ਸ਼੍ਰੀ ਅੰਨਾ ਹਜ਼ਾਰੇ ਲੋਕਪਾਲ ਦੀ ਕਾਇਮੀ ਅਤੇ ਹੋਰ ਸਬੰਧਤ ਮੰਗਾਂ ਲਈ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਖੇ 23 ਮਾਰਚ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ। ਉਨ੍ਹਾਂ ਦੇ ਇਸ ਅੰਦੋਲਨ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਾਰਕੁੰਨ ਵੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦਾ ਇਹ ਅੰਦੋਲਨ ਪਹਿਲਾਂ ਦੀ ਤਰ੍ਹਾਂ ਹੀ ਪੂਰੀ ਤਰ੍ਹਾਂ ਅਮਨ ਪੂਰਵਕ ਅਤੇ ਕਿਸੇ ਤਰ੍ਹਾਂ ਦੇ ਸ਼ੋਰ-ਸ਼ਰਾਬੇ ਤੋਂ ਮੁਕਤ ਹੈ। ਦਿੱਲੀ ਵਿੱਚ ਭੁੱਖ ਹੜਤਾਲ ’ਤੇ ਬੈਠਿਆਂ ਉਨ੍ਹਾਂ ਦੇ ਵਜਨ ਵਿੱਚ 4 ਕਿਲੋ ਤੋਂ ਵੱਧ ਕਮੀ ਹੋਈ ਹੈ। ਲੋਕਪਾਲ ਦੀ ਕਾਇਮੀ ਲਈ ਸ਼੍ਰੀ ਅੰਨਾ ਹਜ਼ਾਰੇ ਲੰਬੇ ਸਮੇਂ ਤੋਂ ਯਤਨਸ਼ੀਲ ਹਨ ਪ੍ਰੰਤੂ ਹਾਲੇ ਤੱਕ ਉਨ੍ਹਾਂ ਦੀ ਇਸ ਮੰਗ ਨੂੰ ਪੂਰੇ ਰੂਪ ਵਿੱਚ ਨਹੀਂ ਮੰਨਿਆ ਗਿਆ। ਕੇਂਦਰ ਵਿੱਚ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਵੀ ਉਨ੍ਹਾਂ ਨੇ ਇਸੇ ਤਰ੍ਹਾਂ ਅੰਦੋਲਨ ਕੀਤਾ ਸੀ। ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੀ ਮੰਨ ਲਈਆਂ ਸਨ। ਸੰਸਦ ਵਿੱਚ ਵੀ ਇਸ ਸਬੰਧੀ ਲੰਬੀ ਵਿਚਾਰ ਚਰਚਾ ਹੋਈ। 2011 ਦੇ ਅੰਦੋਲਨ ਕਾਰਨ ਹੀ ਸੰਸਦ ਵਿੱਚ ਲੋਕਪਾਲ ਅਤੇ ਲੋਕਾਯੁਕਤ ਕਾਨੂੰਨ 2013 ਪਾਸ ਕੀਤਾ ਗਿਆ। ਬਾਅਦ ਵਿੱਚ ਕਾਂਗਰਸ ਲੋਕ ਸਭਾ ਚੋਣਾਂ ਹਾਰ ਗਈ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਬਣਨ ਤੋਂ ਬਾਅਦ ਲੋਕਪਾਲ ਦੀ ਨਿਯੁਕਤੀ ਬਾਰੇ ਕੋਈ ਨਿਰਣਾ ਨਹੀਂ ਲਿਆ ਗਿਆ। ਅੰਨਾ ਹਜ਼ਾਰੇ ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਵਿਰੁੱਧ ਕਰੜੇ ਕਦਮ ਚੁੱਕਣ ਦੀ ਮੰਗ ਵੀ ਕਰ ਰਹੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਵਾਰ ਉਨ੍ਹਾਂ ਨੇ ਕਿਸਾਨਾਂ ਦੀ ਮਾੜੀ ਹਾਲਤ ਨੂੰ ਉਭਾਰਿਆ ਹੈ। ਉਹ ਕਿਸਾਨਾਂ ਲਈ ਫਸਲਾਂ ਦੇ ਵਧੇਰੇ ਭਾਅ ਦੀ ਮੰਗ ਕਰ ਰਹੇ ਹਨ ਤਾਂ ਜੋ ਦੇਸ਼ ਭਰ ਵਿੱਚ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ। ਇਹੋ ਕਾਰਨ ਹੈ ਕਿ ਉਨ੍ਹਾਂ ਦੇ ਅੰਦੋਲਨ ਵਿੱਚ ਇਸ ਵਾਰ ਕਿਸਾਨ ਵੀ ਸ਼ਾਮਿਲ ਹਨ। ਕਿਸਾਨਾਂ ਦੀਆਂ ਕਈ ਵੱਡੀਆਂ ਜਥੇਬੰਦੀਆਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਸ਼੍ਰੀ ਅੰਨਾ ਹਜ਼ਾਰੇ ਦੇ ਇਸ ਅੰਦੋਲਨ ਦੇ ਬਾਵਜੂਦ ਹਾਲੇ ਤੱਕ ਕੇਂਦਰ ਸਰਕਾਰ ਅੰਦਰ ਕੋਈ ਹਿਲਜੁੱਲ ਨਹੀਂ ਹੋਈ। ਸਰਕਾਰ ਵੱਲੋਂ ਉਨ੍ਹਾਂ ਨੂੰ ਗੱਲਬਾਤ ਤੱਕ ਦੀ ਪੇਸ਼ਕਸ਼ ਨਹੀਂ ਕੀਤੀ ਗਈ। ਇਹ ਬੇਹ¤ਦ ਦੁੱਖਦ ਸਥਿਤੀ ਹੈ। ਲੋਕਤੰਤਰ ਵਿੱਚ ਪਰਸਪਰ ਸੰਵਾਦ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ। ਸ਼੍ਰੀ ਅੰਨਾ ਹਜ਼ਾਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਆਗੂ ਹਨ। ਉਨ੍ਹਾਂ ਦੀ ਗੱਲ ਨੂੰ ਹਰ ਹਾਲਤ ਵਿੱਚ ਸੁਣਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕੋਈ ਨਿੱਜੀ ਸਿਆਸੀ ਸਵਾਰਥ ਜਾਂ ਟੀਚਾ ਨਹੀਂ ਹੈ। ਉਹ ਦੇਸ਼ ਦੇ ਪ੍ਰਬੰਧ ਨੂੰ ਬੇਹਤਰ ਬਣਾਉਣ ਲਈ ਹੀ ਯਤਨ ਕਰ ਰਹੇ ਹਨ। ਇਹ ਸਮਝ ਨਹੀਂ ਆਉਂਦੀ ਕਿ ਸਿਆਸਤਦਾਨ ਭ੍ਰਿਸ਼ਟਾਚਰ ਨੂੰ ਰੋਕਣ ਲਈ ਕਾਨੂੰਨੀ ਉਪਾਅ ਕਰਨ ਤੋਂ ਕਿਉਂ ਡਰਦੇ ਹਨ। ਜੇਕਰ ਸ਼੍ਰੀ ਅੰਨਾ ਹਜ਼ਾਰੇ ਦੀ ਮੰਗ ਮੁਤਾਬਿਕ ਦੇਸ਼ ਵਿੱਚ ਲੋਕਪਾਲ ਦੀ ਸੰਸਥਾ ਨੂੰ ਕਾਇਮ ਕਰ ਦਿੱਤਾ ਜਾਂਦਾ ਹੈ ਤਾਂ ਆਮ ਲੋਕਾਂ ਨੂੰ ਭ੍ਰਿਸ਼ਟਾਚਾਰ ਅਧਿਕਾਰੀਆਂ ਅਤੇ ਨੇਤਾਵਾਂ ਖਿਲਾਫ ਸੁਖਾਲੇ ਤਰੀਕੇ ਨਾਲ ਸ਼ਿਕਾਇਤ ਕਰਨ ਦਾ ਮੌਕਾ ਮਿਲੇਗਾ। ਇਹ ਦੁੱਖ ਦੀ ਗੱਲ ਹੈ ਕਿ 70 ਸਾਲਾਂ ਵਿੱਚ ਲੋਕਾਂ ਨੂੰ ਇਹ ਮੌਕਾ ਵੀ ਨਹੀਂ ਮਿਲਿਆ। ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦੇਣੀ ਅਤੇ ਉਨ੍ਹਾਂ ਖਿਲਾਫ ਕੋਈ ਕਰੜੀ ਕਾਰਵਾਈ ਕਰਨੀ ਤਾਂ ਬਹੁਤ ਬਾਅਦ ਦੀ ਗੱਲ ਹੈ। ਹੁਣ ਸਮਾਂ ਆ ਗਿਆ ਹੈ ਕਿ ਆਮ ਲੋਕ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨੂੰ ਹੋਰ ਪ੍ਰਚੰਡ ਕਰਨ ਲਈ ਅੱਗੇ ਆਉਣ ਤਾਂ ਜੋ ਦੇਸ਼ ਦੇ ਪ੍ਰਬੰਧ ਨੂੰ ਭ੍ਰਿਸ਼ਟਾਚਾਰੀਆਂ ਤੋਂ ਬਚਾਇਆ ਜਾ ਸਕੇ। ਜਦੋਂ ਤੱਕ ਭ੍ਰਿਸ਼ਟਾਚਾਰ ਖਤਮ ਨਹੀਂ ਹੁੰਦਾ ਤਦ ਤੱਕ ਦੇਸ਼ ਨੂੰ ਵਿਕਾਸ ਦੇ ਰਾਹ ’ਤੇ ਨਹੀਂ ਤੋਰਿਆ ਜਾ ਸਕਦਾ। ਭ੍ਰਿਸ਼ਟਾਚਾਰ ਬਹੁਤ ਵੱਡਾ ਮਸਲਾ ਹੈ। ਇਸ ਨੂੰ ਦੂਰ ਕਰਨ ਲਈ ਇਕ ਕਰੜੇ ਅਤੇ ਵਿਆਪਕ ਪ੍ਰਬੰਧ ਦੀ ਜ਼ਰੂਰਤ ਹੈ।
– ਬਲਜੀਤ ਸਿੰਘ ਬਰਾੜ