ਮੌੜ ਮੰਡੀ, 26 ਮਾਰਚ (ਰੇਸ਼ਮ ਸਿੰਘ ਕੁੱਬੇ)- ਸਥਾਨਕ ਮੰਡੀ ਦੀ ਪੁਰਾਣੀ ਗਊਸ਼ਾਲਾ ਕੋਲ ਬੀਤੀ ਰਾਤ ਚੋਰਾਂ ਨੇ ਇਕ ਵਿਆਹ ’ਚ ਸ਼ਾਮਿਲ ਹੋਣ ਗਏ ਪਰਿਵਾਰ ਦੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਸਾਫ਼ ਕਰ ਦਿੱਤੀ। ਇਸ ਸਬੰਧੀ ਪੀੜਿਤ ਰਾਜੀਵ ਕੁਮਾਰ ਸ਼ੈਲੀ ਅਤੇ ਸੰਦੀਪ ਕੁਮਾਰ ਸ਼ੈਂਕੀ ਨੇ ਦੱਸਿਆ ਕਿ ਬੀਤੀ ਰਾਤ ਸਾਡਾ ਪੂਰਾ ਪਰਿਵਾਰ ਆਪਣੇ ਤਾਏ ਦੀ ਪੋਤੀ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਰਾਮਪੁਰਾ ਵਿਖੇ ਗਿਆ ਹੋਇਆ ਸੀ। ਅਸੀਂ ਤਕਰੀਬਨ ਰਾਤ 9:00 ਵਜੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਗਏ ਅਤੇ ਰਾਤ 12:45 ਵਜੇ ਵਾਪਸ ਆ ਗਏ। ਅਸੀਂ ਜਦ ਘਰ ਵਾਪਿਸ ਆ ਕੇ ਦੇਖਿਆ ਤਾਂ ਸਾਡੇ ਘਰ ਦੀ ਅੰਦਰਲੀ ਖਿੜਕੀ ਖੁੱਲ੍ਹੀ ਪਈ ਸੀ ’ਤੇ ਅਟੈਚੀਆਂ ਅਤੇ ਅਲਮਾਰੀਆਂ ਦਾ ਸਾਰਾ ਸਮਾਨ ਬੈਡ ਤੇ ਖਿਲਰਿਆ ਪਿਆ ਸੀ। ਘਰ ਅੰਦਰ ਪਈ ਨਕਦੀ ਅਤੇ ਜੇਵਰਾਤ ਗਾਇਬ ਸਨ। ਉਹਨਾਂ ਦੱਸਿਆ ਕਿ ਚੋਰਾਂ ਨੇ ਸਾਡੇ ਘਰ ਅੰਦਰ ਦਾਖਲ ਹੋ ਕੇ ਸਾਢੇ ਨੌਂ ਤੋਲਾ ਸੋਨਾ, 27 ਤੋਲੇ ਚਾਂਦੀ, ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ। ਚੋਰੀ ਦੀ ਖ਼ਬਰ ਮਿਲਦੇ ਹੀ ਥਾਣਾ ਮੌੜ ਦੀ ਪੁਲਿਸ ਤੁਰੰਤ ਹਰਕਤ ਵਿਚ ਆ ਗਈ ਅਤੇ ਰਾਤ ਦੇ ਕਰੀਬ 2:00 ਵਜੇ ਸੁਨੇਹਾ ਮਿਲਣ ਤੇ ਸਬ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ’ਚ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਭਾਵੇਂ ਰਾਤ ਸਮੇਂ ਪੁਲਿਸ ਦੇ ਹੱਥ ਕੁਝ ਨਾ ਲੱਗਾ ਪ੍ਰੰਤੂ ਪੁਲਿਸ ਪ੍ਰਸ਼ਾਸ਼ਨ ਵਲੋਂ ਸਵੇਰ ਤੋਂ ਇਸ ਵੱਡੀ ਚੋਰੀ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਭਾਲ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਦੇ ਚੱਲਦੇ ਬਠਿੰਡਾ ਤੋਂ ਏ.ਐਸ.ਆਈ. ਹਰਦੇਵ ਸਿੰਘ ਦੀ ਅਗਵਾਈ ’ਚ ਮੋਬਾਇਲ ਫੌਰੈਂਸਿਕ ਸਾਇੰਸ ਲੈਬ ਰੇਂਜ ਬਠਿੰਡਾ ਦੀ ਟੀਮ ਅਤੇ ਇਸ ਤੋਂ ਤੁਰੰਤ ਬਾਅਦ ਡਾੱਗ ਸਕੂਐਡ ਦੇ ਏ.ਐਸ.ਆਈ. ਕੇਵਲ ਸਿੰਘ ਮੌਕੇ ਪਹੁੰਚੇ ਅਤੇ ਜਾਂਚ ਕੀਤੀ । ਇਸ ਸਬੰਧੀ ਐਸ.ਐਚ.ਓ. ਮਨੋਜ਼ ਕੁਮਾਰ ਸ਼ਰਮਾ ਅਤੇ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਮੌਕਾ ਬਣਾ ਕੇ ਇਸ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਪਾਰਟੀ ਇਸ ਚੋਰੀ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ ਜਿਸ ਸਬੰਧੀ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਜਲਦ ਹੀ ਪੁਲਿਸ ਚੋਰਾਂ ਦੀ ਪੈੜ ਨੱਪ ਲਵੇਗੀ।