ਬੁਢਲਾਡਾ, 24 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਸਥਾਨਕ ਕਾਲਜ ਵਿੱਚ ਫੈਸ਼ਨ ਤਕਨਾਲੋਜੀ ਵਿਭਾਗ ਵੱਲੋਂ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸਦਾ ਉਦਘਾਟਨ ਐਸ.ਡੀ.ਐਮ ਬੁਢਲਾਡਾ ਸ੍ਰ. ਗੁਰਸਿਮਰਨ ਸਿੰਘ ਢਿੱਲੋਂ ਅਤੇ ਡੀ.ਐਸ.ਪੀ ਸ੍ਰ. ਰਸ਼ਪਾਲ ਸਿੰਘ ਨੇ ਕੀਤਾ।ਇਸ ਵਰਕਸ਼ਾਪ ਵਿੱਚ ਫੈਸ਼ਨ ਤਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੇ ਹੁਨਰ ਦੁਆਰਾ ਤਿਆਰ ਕੀਤੀਆਂ ਭਿੰਨ-ਭਿੰਨ ਪੁਸ਼ਾਕਾਂ ਦੀ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ। ਇਸ ਪ੍ਰਦਰਸ਼ਨੀਆਂ ਵਿੱਚ ਪ੍ਰਦਰਸ਼ਿਤ ਕੀਤੀਆਂ ਸਾਰੀਆਂ ਪੁਸ਼ਾਕਾਂ ਪ੍ਰਾਧਿਆਪਕ ਸਾਹਿਬਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤਿਆਰ ਕੀਤੀਆਂ ਗਈਆਂ। ਇਸ ਵਰਕਸ਼ਾਪ ਦਾ ਮੂਲ ਮੰਤਵ ਵਿਦਿਆਰਥੀਆਂ ਨੂੰ ਸਵੈ-ਰੁਜਗਾਰੀ ਬਨਾਉਣਾ ਸੀ ਤਾਂ ਜੋ ਵਿਦਿਆਰਥੀ ਅਜਿਹੀਆਂ ਪੁਸ਼ਾਕਾਂ ਖੁਦ ਤਿਆਰ ਕਰਕੇ, ਉਹਨਾਂ ਦੇ ਸਹਾਰੇ ਆਪਣੀ ਨਿਜੀ ਆਰਥਿਕਤਾ ਮਜਬੂਤ ਕਰ ਸਕਣ। ਇਸ ਵਰਕਸ਼ਾਪ ਲਈ ਤਿਆਰ ਕੀਤੀ ਕੋਈ ਵੀ ਪੁਸ਼ਾਕ ਵਿਕਣ ਤੋਂ ਨਹੀਂ ਰਹੀ ਅਤੇ ਵਿਦਿਆਰਥੀਆਂ ਦੀ ਕਲਾ ਦੀ ਸਰਾਹੁਣਾ ਕਰਦਿਆਂ ਬਹੁਤ ਸਾਰੇ ਵਿਦਿਆਰਥੀਆਂ, ਸਟਾਫ ਮੈਂਬਰਾਂ ਅਤੇ ਪਤਵੰਤੇ ਸੱਜਣਾ ਨੇ ਅਗਾਊਂ ਆਰਡਰ ਦੇ ਕੇ ਵਿਦਿਆਰਥੀਆਂ ਦਾ ਹੌਂਸਲਾ ਅਫਜਾਈ ਵੀ ਕੀਤੀ, ਇਸ ਨਾਲ ਵਿਦਿਆਰਥੀਆਂ ਨੂੰ ਸਵੈ-ਰੁਜਗਾਰ ਕਰਨ ਲਈ ਪ੍ਰੇਰਣਾ ਮਿਲੀ। ਇੱਥੇ ਇਹ ਵਿਸ਼ੇਸ਼ ਰੂਪ ਵਿੱਚ ਵਰਨਣਯੋਗ ਹੈ ਕਿ ਫੈਸ਼ਨ ਤਕਨਾਲੋਜੀ ਵਿਭਾਗ ਵਿੱਚ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਬਨਾਉਣ ਹਿੱਤ ਬੀ. ਏ ਫੈਸ਼ਨ ਤਕਨਾਲੋਜੀ ਵਿਸ਼ੇ ਨਾਲ, ਐਮ.ਐਸਸੀ ਫੈਸ਼ਨ ਤਕਨਾਲੋਜੀ ਅਤੇ ਯੂ.ਜੀ.ਸੀ ਤੋਂ ਮਾਨਤਾ ਪ੍ਰਾਪਤ ਬੀ. ਵਾਕ. ਫੈਸ਼ਨ ਤਕਨਾਲੋਜੀ ਕੋਰਸ ਨਿਰੰਤਰ ਚੱਲ ਰਹੇ ਹਨ। ਪਿੱਛਲੇ ਵਿੱਦਿਅਕ ਸਾਲਾਂ ਦੌਰਾਨ ਫੈਸ਼ਨ ਤਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਦੀ ਰੁਜਗਾਰ ਪ੍ਰਾਪਤੀ ਸੌ ਪ੍ਰਤੀਸ਼ਤ ਰਹੀ ਹੈ।ਵਰਕਸ਼ਾਪ ਦੇ ਉਦਘਾਟਨੀ ਸ਼ਬਦਾਂ ਵਿੱਚ ਐਸ.ਡੀ.ਐਮ ਸ੍ਰ. ਗੁਰਸਿਮਰਨ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਇਸ ਪੱਛੜੇ ਇਲਾਕੇ ਵਿੱਚ ਅਜਿਹੇ ਕੋਰਸ ਵਿਦਿਆਰਥੀਆਂ ਲਈ ਵਰਦਾਨ ਹਨ ਅਤੇ ਅਜਿਹੇ ਸ਼ਲਾਘਾਯੋਗ ਕਦਮਾਂ ਲਈ ਕਾਲਜ ਪ੍ਰਿੰਸੀਪਲ, ਵਿਭਾਗ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ। ਇਸ ਮੌਕੇ ਫੈਸ਼ਨ ਤਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਨੀਲਮ ਰਾਣੀ ਨੇ ਵਰਕਸ਼ਾਪ ਬਾਰੇ ਦਸਿਆ ਕਿ ਇਸ ਵਰਕਸ਼ਾਪ ਦਾ ਮੂਲ ਮੰਤਵ ਵਿਦਿਆਰਥੀਆਂ ਨੂੰ ਸਵੈ-ਰੁਜਗਾਰੀ ਬਨਾਉਣ ਲਈ ਉਤਸ਼ਾਹਿਤ ਕਰਨਾ ਹੈ ਅਤੇ ਦਸਿਆ ਕਿ ਭੱਵਿੱਖ ਵਿੱਚ ਅਜਿਹੀਆਂ ਪੁਸ਼ਾਕਾਂ ਤਿਆਰ ਕਰਵਾਕੇ ਇਹਨਾਂ ਦਾ ਮੰਡੀਕਰਣ ਕਰਵਾਇਆ ਜਾਵੇਗਾ।