ਕੋਟਕਪੂਰਾ, 20 ਮਾਰਚ (ਚੰਦਰ ਗਰਗ)- 23 ਮਾਰਚ 1931 ਨੂੰ ਦੇਸ਼ ਦੀ ਅਜ਼ਾਦੀ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਰਤ ਦੇ ਅਜ਼ਾਦੀ ਸੰਗਰਾਮ ਦੇ ਨਾਇਕ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ 23 ਮਾਰਚ ਦੀ ਸਰਕਾਰੀ ਛੁੱਟੀ ਨਾ ਹੋਣ ਦਾ ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ, ਪੰਜਾਬ ਪੈਨਸ਼ਨਰਜ਼ ਯੂਨੀਅਨ ਜਿਲਾ ਇਕਾਈ ਫਰੀਦਕੋਟ ਤੇ ਉਨਾਂ ਦੀਆਂ ਭਰਾਤਰੀ ਜਥੇਬੰਦੀਆਂ ਨੇ ਬੁਰਾ ਮਨਾਇਆ ਹੈ। ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਮਾ. ਅਸ਼ੌਕ ਕੌਸ਼ਲ, ਕੁਲਵੰਤ ਸਿੰਘ ਚਾਨੀ, ਮਾ. ਐਸ ਐਸ ਸੁਨਾਮੀ ਅਤੇ ਤਰਸੇਮ ਨਰੂਲਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਜਾਰੀ ਕੀਤੇ ਨਵੇਂ ਸਾਲ ਦੇ ਕੈਲੰਡਰ ’ਚ ਕੁਝ ਅਜਿਹੀਆਂ ਪ੍ਰਵਾਨਿਤ ਛੁੱਟੀਆਂ ਦਾ ਜਿਕਰ ਹੈ, ਜਿੰਨਾਂ ਬਾਰੇ ਨਾ ਤਾਂ ਪੰਜਾਬ ਦੇ ਵਸਨੀਕ ਕੁਝ ਜਾਣਦੇ ਹਨ ਤੇ ਨਾ ਹੀ ਛੁੱਟੀਆਂ ਨਾਲ ਸਬੰਧਤ ਵਿਅਕਤੀ ਵਿਸ਼ੇਸ਼ ਦਾ ਪੰਜਾਬ ਨਾਲ ਕੋਈ ਸਬੰਧ ਹੈ। ਉਨਾ ਸਵਾਲ ਕੀਤਾ ਕਿ ਦੇਸ਼ ਭਗਤਾਂ ਦੇ ਨਾਂਅ ’ਤੇ ਪਿਛਲੇ ਲੰਮੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਛੁੱਟੀਆਂ ਨੂੰ ਕੱਟ ਕੇ ਕੈਪਟਨ ਸਰਕਾਰ ਆਖਰ ਨਵੀਂ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ? ਉਨਾ ਮੰਗ ਕੀਤੀ ਕਿ ਉਕਤ ਸ਼ਹੀਦਾਂ ਦੀ ਯਾਦ ’ਚ ਹਰ ਸਾਲ 23 ਮਾਰਚ ਨੂੰ ਛੁੱਟੀ ਯਕੀਨੀ ਬਣਾਈ ਜਾਵੇ ਜਾਂ 23 ਮਾਰਚ ਵਾਲੇ ਦਿਨ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਸਥਿੱਤ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਸ਼ਹੀਦਾਂ ਦੇ ਸਬੰਧ ’ਚ ਸੈਮੀਨਾਰ ਕਰਵਾਉਣੇ ਲਾਜਮੀ ਕੀਤੇ ਜਾਣ।