May 25, 2026 11:25 pm

ਅਕਾਲੀ-ਭਾਜਪਾ ਨੇ ਮਿਲ ਕਾਂਗਰਸ ਦਾ ਵਜਾਇਆ ਢੋਲ

ਜਲੰਧਰ ਵਿਖੇ ਸ੍ਰੀ ਸਾਂਪਲਾ ਅਤੇ ਸੁਖਬੀਰ ਦੀ ਅਗਵਾਈ ’ਚ ‘ਵਜਾਓ ਢੋਲ ਖੋਲ੍ਹੋ ਪੋਲ’ ਰੈਲੀ

ਜਲੰਧਰ, 18 ਮਾਰਚ- ਸ਼੍ਰੋਮਣੀ ਅਕਾਲੀ ਦਲ ਦੀ ‘ਪੋਲ ਖੋਲ੍ਹ‘ ਰੈਲੀਆਂ ਮਗਰੋਂ ਹੁਣ ਜਲੰਧਰ ਤੋਂ ਸ਼ੁਰੂ ਹੋਈ ਪੰਜਾਬ ਸਰਕਾਰ ਖਿਲਾਫ਼ ਪੰਜਾਬ ਭਾਜਪਾ ਦੀ ‘ਵਜਾਓ ਢੋਲ ਖੋਲ੍ਹੋ ਪੋਲ’ ਰੈਲੀ ‘ਚ ਅਕਾਲੀ ਅਤੇ ਭਾਜਪਾ ਆਗੂਆਂ ਨੇ ਮਿਲ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਰਜ ਕੇ ਢੋਲ ਵਾਂਗ ਖੜਕਾਇਆ।ਇਸ ਰੈਲੀ ਦੌਰਾਨ ਢੋਲ ਵਜਾ ਕੇ ਪੰਜਾਬ ਸਰਕਾਰ ਦੀ ਇਕ ਸਾਲ ਦੇ ਕੰਮ ਦੀ ਪੋਲ ਖੋਲ੍ਹੀ ਗਈ। ਜਲੰਧਰ ਦੇ ਸੂਰਜ ਇਨਕਲੇਵ ਤੋਂ ਸ਼ੁਰੂ ਕੀਤੀ ਗਈ ਇਸ ਰੈਲੀ ‘ਚ ਅਕਾਲੀ ਅਤੇ ਭਾਜਪਾ ਆਗੂਆਂ ਨੇ ਕੈਪਟਨ ਅਤੇ ਉਨ੍ਹਾਂ ਦੇ ਆਗੂਆਂ ਖਿਲਾਫ਼ ਰਜ ਕੇ ਪ੍ਰਚਾਰ ਕੀਤਾ। ਕਾਂਗਰਸ ਸਰਕਾਰ ਦਾ ਇਕ ਸਾਲ ਪੂਰਾ ਹੋਣ ‘ਤੇ ਰਖੀ ਰੈਲੀ ਵਿਚ ਭਾਜਪਾ ਦੇ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਨੇ ਪਹਿਲਾਂ ਤਾਂ ਸੁਖਬੀਰ ਬਾਦਲ ਤੋਂ ਢੋਲ ਵਜਵਾਇਆ। ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਦੀ ਨਾਰਾਜ਼ਗੀ ‘ਤੇ ਸੁਖਬੀਰ ਬਾਦਲ ਨੇ ਭਾਜਪਾ ਨੂੰ ਅਕਾਲੀ ਦਲ ਦਾ ਦਿਲ ਵੀ ਦਸਿਆ। ਸੁਖਬੀਰ ਬਾਦਲ ਨੇ ਕਿਹਾ, “ਪੰਜਾਬ ਦੀ ਅਮਨ-ਸ਼ਾਂਤੀ ਲਈ ਇਹ ਗਠਜੋੜ ਜ਼ਰੂਰੀ ਹੈ। ਅਸੀਂ ਜਿਉਣਾ-ਮਰਨਾ ਤੁਹਾਡੇ ਨਾਲ ਹੀ ਹੈ। ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੈ। ਇਨ੍ਹਾਂ ਕੋਲ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ।” ਸੁਖਬੀਰ ਬਾਦਲ ਨੇ ਕਿਹਾ, “ਸਾਂਪਲਾ ਜੀ, ਮੋਦੀ ਸਾਹਿਬ ਨੂੰ ਕਹਿ ਕੇ ਇਕਠੀਆਂ ਚੋਣਾਂ ਕਰਵਾ ਦਿਉ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਨੰਹੂ-ਮਾਸ ਦਾ ਰਿਸ਼ਤਾ ਹੈ। ਪੰਜਾਬ ‘ਚ ਅਕਾਲੀ ਦਲ ਅਤੇ ਭਾਜਪਾ ‘ਚ ਕੋਈ ਫਰਕ ਨਹੀਂ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਵਿਜੇ ਸਾਂਪਲਾ ਨਾਲ ਮੇਰਾ ਰਿਸ਼ਤਾ ਭਰਾਵਾਂ ਵਰਗਾ ਹੈ। ਅਸੀਂ ਕਦੇ ਵੀ ਇਕ ਦੂਜੇ ਨੂੰ ਕਿਸੇ ਕੰਮ ਲਈ ਨਾਂਹ ਨਹੀਂ ਕੀਤੀ। ਵਿਜੇ ਸਾਂਪਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਪੂਰੀ ਤਰਾਂ ਫੇਲ੍ਹ ਹੈ। ਕੇਂਦਰ ਸਰਕਾਰ ਅਜਿਹਾ ਸੋਚ ਰਹੀ ਹੈ ਕਿ ਲੋਕ ਸਭਾ ਦੇ ਨਾਲ-ਨਾਲ ਰਾਜ ਸਭਾ ਚੋਣਾਂ ਵੀ ਕਰਵਾ ਦਿਤੀਆਂ ਜਾਣ। ਉਧਰ, ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਲਿਖਤੀ ਮੁਆਫੀ ਮੰਗਵਾਉਣ ਵਾਲੇ ਅਕਾਲੀ ਲੀਡਰ ਬਿਕਰਮ ਮਜੀਠੀਆ ਵੀ ਭਾਜਪਾ ਦੀ ਰੈਲੀ ਵਿਚ ਪਹੁੰਚੇ। ਬਿਕਰਮ ਮਜੀਠੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਹੁਣ ਅਕਲ ਆ ਗਈ ਹੈ। ਓਹਨਾ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ-ਤੀਲਾ ਹੋ ਗਿਆ ਹੈ। ਐਸ.ਟੀ.ਐਫ ਦੀ ਰਿਪੋਰਟ ਦੇ ਖੁਲਾਸੇ ਤੋਂ ਬਾਅਦ ਪਹਿਲੀ ਵਾਰ ਜਨਤਕ ਰੈਲੀ ਵਿਚ ਆਏ ਮਜੀਠੀਆ ਨੇ ਕਿਹਾ ਕਿ ਲੋਕ ਸਭਾ-ਵਿਧਾਨ ਸਭਾ ਚੋਣਾਂ ਇਕਠੀਆਂ ਹੋਣੀਆਂ ਚਾਹੀਦੀਆਂ ਹਨ।ਬਿਕਰਮ ਮਜੀਠੀਆ ਨੇ ਮਨਪ੍ਰੀਤ ਬਾਦਲ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸਰਕਾਰ ‘ਚ ਇਕ ਕਹਿੰਦਾ ਹੈ ਕਿ ਖ਼ਜ਼ਾਨਾ ਖਾਲੀ ਹੈ ਤੇ ਦੂਜਾ ਆ ਕੇ ਕਹਿੰਦਾ ਹੈ ਕਿ 3000 ਕਰੋੜ ਦੇ ਕੰਮ ਸ਼ੁਰੂ ਕਰਵਾ ਦਿਤੇ ਹਨ। ਇਹ ਸਰਕਾਰ ਪੰਜਾਬੀਆਂ ਨਾਲ ਜੋ ਵੀ ਝੋਲ ਕਰ ਰਹੀ ਹੈ ਉਸਦਾ ਨਤੀਜਾ ਜਲਦ ਹੀ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ।

Send this to a friend