ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਸੰਮਤ 550 ਦੀ ਆਰੰਭਤਾ ਮੌਕੇ ਜਿੱਥੇ ਸ੍ਰੀ ਅੰਮ੍ਰਿਤਸਰ ਅਤੇ ਹੋਰ ਧਾਰਮਿਕ ਅਸਥਾਨਾਂ ਤੇ ਵਿਸ਼ੇਸ਼ ਗੁਰਮਤਿ ਸਮਾਗਮ ਕੀਤੇ ਗਏ, ਉਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ 30 ਫੱਗਣ ਅਤੇ 1 ਚੇਤ ਦੀ ਦਰਮਿਆਨੀ ਰਾਤ (ਬਾਬਤ 13-14 ਮਾਰਚ ਦੀ ਰਾਤ) ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ੇਸ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜੂਰੀ ਰਾਗੀ ਭਾਈ ਰਛਪਾਲ ਸਿੰਘ, ਭਾਈ ਜਗਤਾਰ ਸਿੰਘ, ਭਾਈ ਅਮਰਜੀਤ ਸਿੰਘ ਝਾਂਸੀ, ਭਾਈ ਰਾਮ ਸਿੰਘ ਅਤੇ ਗੁ. ਸ੍ਰੀ ਨਾਢਾ ਸਾਹਿਬ ਤੋਂ ਉਚੇਚੇ ਤੌਰ ਤੇ ਪੁੱਜੇ ਭਾਈ ਸਮਨਦੀਪ ਸਿੰਘ ਦੇ ਰਾਗੀ ਜਥੇ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਨਵੇਂ ਨਾਨਕਸ਼ਾਹੀ ਸੰਮਤ 550 ਦੀਆਂ ਮੁਬਾਰਕਾਂ ਦਿੰਦਿਆਂ ਜੈਕਾਰਿਆਂ ਦੀ ਗੂੰਜ ਅਤੇ ਨਗਾਰੇ ਦੀਆਂ ਚੋਟਾਂ ਦਰਮਿਆਨ ਨਵੇਂ ਸਾਲ ਨੂੰ ਖੁਸ਼ਆਮਦੀਦ ਕਿਹਾ। ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਕੌਮ ਵਿੱਚ ਵੰਡੀਆਂ ਪਾਉਣ ਵਾਲੇ ਅਨਸਰਾਂ ਤੋਂ ਸੁਚੇਤ ਹੋ ਕੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਿਨ ਤਿਉਹਾਰ ਅਤੇ ਗੁਰਪੁਰਬ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਗਿਆਨੀ ਫੂਲਾ ਸਿੰਘ ਹੈਡਗ੍ਰੰਥੀ, ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ੍ਰ. ਰਣਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਲਖਵਿੰਦਰ ਸਿੰਘ ਤੇ ਅਮਰਜੀਤ ਸਿੰਘ ਮੀਤ ਮੈਨੇਜਰ, ਐਡਵੋਕੇਟ ਹਰਦੇਵ ਸਿੰਘ ਸੂਚਨਾ ਅਧਿਕਾਰੀ ਅਤੇ ਸ੍ਰ. ਭੁਪਿੰਦਰ ਸਿੰਘ ਤੇ ਸੁਰਜੀਤ ਸਿੰਘ ਗਾਈਡ, ਭਾਈ ਦਵਿੰਦਰ ਸਿੰਘ ਸਾਬਕਾ ਐਸ.ਈ., ਮਾਸਟਰ ਹਰਜੀਤ ਸਿੰਘ ਅਚਿੰਤ, ਮਨਜਿੰਦਰ ਸਿੰਘ ਬਰਾੜ, ਤਲਵਿੰਦਰ ਸਿੰਘ ਬੁਟਰ, ਜਥੇਦਾਰ ਸੰਤੋਖ ਸਿੰਘ,ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਮਾਤਾ ਗੁਰਚਰਨ ਕੌਰ, ਭਾਈ ਲਵਪ੍ਰੀਤ ਸਿੰਘ ਪ੍ਰਚਾਰਕ ਆਦਿ ਹਾਜ਼ਰ ਸਨ।