ਫ਼ਤਹਿਗੜ੍ਹ ਸਾਹਿਬ, 8 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-‘‘ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 1984 ਵਿਚ ਸਿੱਖ ਕੌਮ ਉਤੇ ਬਲਿਊ ਸਟਾਰ ਦੇ ਹੋਏ ਫੌਹਮਲੇ ਦੇ ਦੌਰਾਨ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਤਿੰਨ ਹੋਰ ਸਾਥੀਆਂ ਵੱਲੋਂ ਸੈਟਰ ਦੇ ਵਜ਼ੀਰਾਂ ਨਾਲ ਕੀਤੀਆਂ ਗਈਆਂ ਗੁਪਤ ਮੁਲਾਕਾਤਾਂ ਦੀਆਂ ਸਾਜ਼ਿਸਾਂ ਦੀ ਸਿੱਖ ਕੌਮ ਨੂੰ ਜਾਣਕਾਰੀ ਦੇਣ ਦੇ ਉਦਮ ਸਹੀ ਹਨ, ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਵਾਗਤ ਕਰਦਾ ਹੈ । ਪਰ ਕੈਪਟਨ ਸਾਹਿਬ ਵਰਗੇ ਹੋਰ ਸਿੱਖ ਜੋ ਵੱਖ-ਵੱਖ ਸਿਆਸੀ ਪਾਰਟੀਆਂ ਵਿਚ ਉਸ ਸਮੇਂ ਤੋ ਹੀ ਵਿਚਰਦੇ ਆ ਰਹੇ ਹਨ ਅਤੇ ਜਿਨ੍ਹਾਂ ਕੋਲ ਬਲਿਊ ਸਟਾਰ ਦੀ ਸਾਜ਼ਿਸ ਦੇ ਕਈ ਗੁੱਝੇ ਭੇਦ ਆਪਣੇ ਮਨ-ਆਤਮਾਂ ਵਿਚ ਸਮੋਈ ਬੈਠੇ ਹਨ, ਜੇਕਰ ਉਹ ਸਿੱਖ ਹੋਣ ਦੇ ਨਾਤੇ ਉਸ ਸੱਚ ਤੋ ਸਮੁੱਚੀ ਦੁਨੀਆਂ ਨੂੰ ਜਾਣੂ ਕਰਵਾਉਣ ਦੇ ਫਰਜ ਅਦਾ ਕਰ ਸਕਣ ਤਾਂ ਉਹ ਆਪਣੀਆਂ ਆਤਮਾਵਾਂ ਉਤੇ ਇਕ ਬਹੁਤ ਵੱਡੇ ਪਏ ਬੋਝ ਤੋ ਸਰੂਖਰ ਹੋ ਸਕਦੀਆਂ ਹਨ । ਜਦੋਕਿ ਬਲਿਊ ਸਟਾਰ ਦਾ ਸਮੁੱਚਾ ਸੱਚ ਹੋਲੀ-ਹੋਲੀ ਇਕ-ਇਕ ਕਰਕੇ ਸਾਹਮਣੇ ਆ ਰਿਹਾ ਹੈ ਅਤੇ ਸੱਚ ਨੇ ਹਰ ਕੀਮਤ ਤੇ ਉਜਾਗਰ ਹੋਣਾ ਹੀ ਹੈ । ਕਿਉ ਨਾ ਇਹ ਸਿੱਖ ਆਪੋ-ਆਪਣੀ ਜਾਣਕਾਰੀ ਜਨਤਕ ਕਰਕੇ ਸਿੱਖ ਕੌਮ ਨੂੰ ਇਨਸਾਫ਼ ਦੇਣ ਵਿਚ ਮੋਹਰੀ ਬਣਨ ਤਾ ਇਹ ਹੋਰ ਵੀ ਬਿਹਤਰ ਹੋਵੇਗਾ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਦੂਸਰੇ ਰਵਾਇਤੀ ਸਾਥੀਆਂ ਵੱਲੋਂ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਵਿਚ ਕੌਮ ਨਾਲ ਧੋਖਾ ਕਰਕੇ ਕੀਤੀਆਂ ਗਈਆਂ ਕਾਰਵਾਈਆਂ ਅਤੇ ਹੁਣ ਦਿੱਲੀ ਪਾਰਲੀਮੈਂਟ ਵਿਚ ਅਤੇ ਹੋਰ ਸਥਾਨਾਂ ਉਤੇ ਸਿਆਸੀ ਸਤਰੰਜੀ ਖੇਡ ਅਧੀਨ ਕੀਤੀ ਜਾ ਰਹੀ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੀ ਬਿਆਨਬਾਜੀ ਉਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਦੋ ਅੱਜ 30 ਸਾਲਾਂ ਬਾਅਦ ਬਰਤਾਨੀਆ ਦੀ ਥੈਚਰ ਅਤੇ ਅੰਗਰੇਜ਼ ਹਕੂਮਤ ਵੱਲੋਂ ਸਿੱਖ ਕੌਮ ਨਾਲ ਕੀਤੀ ਗਈ ਗ਼ਦਾਰੀ ਕੌਮਾਂਤਰੀ ਕਟਹਿਰੇ ਵਿੱਚ ਸਾਹਮਣੇ ਆ ਗਈ ਹੈ, ਤਾਂ ਕਾਂਗਰਸੀਆਂ, ਬੀਜੇਪੀ, ਆਰ.ਐਸ.ਐਸ, ਸੀ.ਪੀ.ਆਈ, ਸੀ.ਪੀ.ਐਮ, ਬਾਦਲ ਦਲੀਆਂ ਵਿਚ ਬੈਠੇ ਬਲਿਊ ਸਟਾਰ ਦੀ ਸਾਜ਼ਿਸ ਵਿਚ ਸ਼ਾਮਿਲ ਦੋਸ਼ੀਆਂ ਅਤੇ ਸਿੱਖਾਂ ਦੇ ਕਾਤਲਾਂ ਵੱਲੋਂ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਕਰਨ ਤੇ ਵੀ ਹੁਣ ਸੱਚ ਛੁਪ ਨਹੀਂ ਸਕੇਗਾ। ਇਸ ਸਾਜ਼ਿਸ ਦੀ ਪੜਤ-ਦਰ-ਪੜਤ ਭੇਦ ਕੌਮਾਂਤਰੀ ਚੌਰਾਹੇ ਵਿਚ ਖੁੱਲ੍ਹਦਾ ਜਾ ਰਿਹਾ ਹੈ । ਜਦੋ ਹਿੰਦੂਤਵ ਹੁਕਮਰਾਨ ਅਤੇ ਮੁਤੱਸਵੀ ਜਮਾਤਾਂ ਸਿੱਖ ਕੌਮ ਉਤੇ ਅਕਹਿ ਅਤੇ ਅਸਹਿ ਜ਼ਬਰ-ਜੁਲਮ ਕਰਨ ਉਪਰੰਤ ਵੀ ਸਿਆਸੀ ਤੌਰ ਤੇ ਵੱਖੋ-ਵੱਖਰੀ ਸੋਚ ਰੱਖਣ ਦੇ ਬਾਵਜੂਦ ਵੀ ਸਿੱਖ ਕੌਮ ਦੇ ਦੁਸ਼ਮਣ ਬਣਕੇ ਅੱਜ ਵੀ ਇਕੱਠੇ ਹੋ ਕੇ ਅਮਲ ਕਰ ਰਹੇ ਹਨ ਤਾਂ ਸਾਨੂੰ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਵੱਖੋ-ਵੱਖਰੀਆਂ ਪਾਰਟੀਆਂ ਵਿਚ ਵਿਚਰਣ ਤੇ ਵੀ ਕੌਮੀ ਸਿੱਖੀ ਮੁਫਾਦਾ ਉਤੇ ਝੱਟ ਇੱਕਤਰ ਹੋ ਜਾਣ ਤਾਂ ਕਿ ਸਿੱਖ ਕੌਮ ਅਤੇ ਸਿੱਖ ਸਿਆਸੀ ਸਖਸ਼ੀਅਤਾਂ ਇਕ ਤਾਕਤ ਹੋ ਕੇ ਦੁਸ਼ਮਣ ਨੂੰ ਮਾਤ ਦੇ ਸਕਣ ਅਤੇ ਆਪਣੇ ਕਾਤਲਾਂ ਨੂੰ ਕੌਮਾਂਤਰੀ ਅਦਾਲਤਾਂ ਵਿਚ ਖੜ੍ਹਾ ਕਰਕੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾਵਾਂ ਦਿਵਾ ਸਕਣ । ਉਹਨਾਂ ਇਸ ਗੱਲ ਤੇ ਹੈਰਾਨੀ ਅਤੇ ਦੁੱਖ ਪ੍ਰਗਟ ਕੀਤਾ ਕਿ ਸ. ਬਾਦਲ ਵੱਲੋਂ ਸੈਟਰ ਵਿਚ ਆਪਣੇ ਭਾਈਵਾਲ ਐਨ.ਡੀ.ਏ. ਦੀ 6 ਸਾਲ ਹਕੂਮਤ ਕਾਇਮ ਰਹਿਣ ਸਮੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਲਈ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਕਦੀ ਵੀ ਇਕ ਸ਼ਬਦ ਵੀ ਆਪਣੇ ਮੂੰਹੋ ਨਹੀਂ ਕੱਢਿਆ। ਫਿਰ ਕੇਂਦਰ ਵਿਚ ਸ. ਬਾਦਲ ਦੇ ਦੋਸਤ ਇੰਦਰ ਕੁਮਾਰ ਗੁਜਰਾਲ ਦੀ ਹਕੂਮਤ ਵੀ ਰਹੀ, ਜਿਸਦੇ ਪੁੱਤਰ ਨਰੇਸ਼ ਗੁਜਰਾਲ ਨੂੰ ਦੋਸਤੀ ਵੱਜੋ ਸ. ਬਾਦਲ ਨੇ ਪੰਜਾਬ ਤੋ ਰਾਜ ਸਭਾ ਦਾ ਮੈਂਬਰ ਵੀ ਬਣਾਇਆ । ਜੋ ਅੱਜ ਹਰਸਿਮਰਤ ਕੌਰ ਬਾਦਲ ਨਾਲ ਮਿਲਕੇ ਦਿੱਲੀ ਵਿਖੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਸਿੱਖ ਕੌਮ ਨਾਲ ਹੋਈ ਵਧੀਕੀ ਦੀ ਉੱਚੀ ਆਵਾਜ਼ ਵਿਚ ਗੱਲ ਕਰ ਰਿਹਾ ਹੈ।
ਕੈਪਟਨ ਵੱਲੋਂ 1984 ਦੇ ਬਲਿਊ ਸਟਾਰ ਦੌਰਾਨ ਸ. ਬਾਦਲ ਦੀ ਭੂਮਿਕਾ ਬਾਰੇ ਸੱਚ ਨੂੰ ਸਾਹਮਣੇ ਲਿਆਉਣਾ ਸਹੀ ਕਦਮ, ਪਰ… : ਮਾਨ



