ਤਲਵੰਡੀ ਸਾਬੋ, 8 ਫਰਵਰੀ (ਰਣਜੀਤ ਸਿੰਘ ਰਾਜੂ)-ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਦੌਰੇ ਦੌਰਾਨ ਤਿੰਨ ਪਿੰਡਾਂ ਵਿੱਚ ਰੱਖੇ ਸੰਗਤ ਦਰਸ਼ਨਾਂ ਦੌਰਾਨ ਕਰੀਬ 16 ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਕਤ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾ ਤਕਸੀਮ ਕੀਤੀਆਂ। ਉੱਧਰ ਸੁਖਬੀਰ ਬਾਦਲ ਦੇ ਦਿੱਤੇ ਪ੍ਰੋਗਰਾਮ ਤੋਂ ਚਾਰ ਘੰਟੇ ਦੇਰੀ ਨਾਲ ਪੁੱਜਣ ਕਾਰਣ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਆਪਣੇ ਸੰਖੇਪ ਭਾਸ਼ਣ ਵਿੱਚ ਸ. ਬਾਦਲ ਨੇ ਅਕਾਲ-ਭਾਜਪਾ ਸਰਕਾਰ ਵੱਲੋਂ ਬੀਤੇ ਸਮੇਂ ਦੌਰਾਨ ਕੀਤੇ ਕੰਮਾਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਭਾਂਵੇ ਕਾਂਗਰਸ ਆਪਣੇ ਆਪ ਨੂੰ ਗਰੀਬ ਹਿਤੈਸ਼ੀ ਕਹਾਉਦੀ ਹੋਵੇ ਪ੍ਰੰਤੂ ਸੱਚਾਈ ਇਹ ਹੈ ਕਿ ਕੇਵਲ ਅਕਾਲੀ ਭਾਜਪਾ ਸਰਕਾਰ ਨੇ ਹੀ ਗਰੀਬਾਂ ਦੇ ਹਿੱਤਾਂ ਵਿੱਚ ਕੰਮ ਕੀਤੇ ਜਿੱਥੇ ਹੁਣ ਗਰੀਬਾਂ ਨੂੰ ਮਿਲਣ ਵਾਲਾ ਆਟਾ ਇੱਕ ਰੁਪਏ ਕਿੱਲੋ ਦਿੱਤਾ ਜਾਇਆ ਕਰੇਗਾ। ਉੱਥੇ ਹੀ ਲੜਕੀਆਂ ਨੂੰ ਮੁਫਤ ਵਿੱਦਿਆ ਦੇ ਨਾਲ ਨਾਲ ਸਾਈਕਲ ਦਿੱਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਟਿਊਬਵੈੱਲਾਂ ਦੇ ਬਿੱਲ ਮਾਫ ਕਰਨ ਵਾਲੀ ਦੇਸ਼ ਦੀ ਪਹਿਲੀ ਪੰਜਾਬ ਸਰਕਾਰ ਹੀ ਹੈ। ਉਨ੍ਹਾਂ ਕਿਹਾ ਕਿ 2007 ਵੇਲੇ ਭਰੇ ਟਿਊਬਵੈੱਲਾਂ ਦੇ ਕੁਨੈਕਸ਼ਨ ਕਿਸਾਨਾਂ ਨੂੰ 10 ਦਿਨਾਂ ਵਿੱਚ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਚੱਲ ਪਏ ਹਨ ਤੇ ਹੁਣ ਪੰਜਾਬ ਵਿੱਚ ਬਿਜਲੀ ਆਮ ਹੋ ਗਈ ਹੈ। ਉਨ੍ਹਾਂ ਇਸ ਮੌਕੇ ਪਿੰਡ ਗਿਆਨਾ ਵਿਖੇ ਇੱਕ ਕਮਿਊਨਿਟੀ ਹਾਲ ਬਣਾਉਣ ਤੇ ਹੋਰ ਪਿੰਡਾਂ ਨੂੰ ਲੱਖਾਂ ਰੁਪਏ ਦੀਆਂ ਗ੍ਰਾਂਟਾ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੂ ਨੇ ਸ. ਬਾਦਲ ਨੂੰ ਜੀ ਆਇਆਂ ਕਹਿੰਦਿਆਂ ਗ੍ਰਾਂਟਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਉੱਧਰ ਅੱਜ ਪ੍ਰੈੱਸ ਕਾਨਫਰੰਸ ਵਿੱਚ ਸ. ਬਾਦਲ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ। ਉਕਤ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ ਤੇ ਕਿ ਬਠਿੰਡਾ ਵਿਖੇ ਸੰਘਰਸ਼ ਕਰ ਰਹੇ ਈ.ਜੀ.ਐੱਸ. ਅਧਿਆਪਕਾਂ ਦੀਆਂ ਪੁਲਿਸ ਵੱਲੋਂ ਰਜਾਈਆਂ ਚੁੱਕ ਲੈਜਾਣ ਸਦਕਾ ਇੱਕ ਮਾਸੂਮ ਲੜਕੀ ਦੀ ਮੌਤ ਹੋ ਗਈ, ਪ੍ਰੰਤੂ ਸਬੰਧਤ ਅਧਿਕਾਰੀਆਂ ਖਿਲਾਫ ਕਾਰਵਾਈ ਕਿਉਂ ਨਹੀ ਹੋ ਰਹੀ? ਤਾਂ ਸਥਿਤੀ ਉਦੋਂ ਅਜੀਬ ਬਣ ਗਈ ਜਦੋਂ ਬਾਦਲ ਨੇ ਪਹਿਲਾਂ ਤਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਬੱਚੀ ਦੀ ਮੌਤ ਬਾਰੇ ਪਤਾ ਨਹੀ! ਤੇ ਬਾਅਦ ਵਿੱਚ ਉਲਟਾ ਪੱਤਰਕਾਰਾਂ ਨੂੰ ਹੀ ਸਵਾਲ ਕੀਤਾ ਕਿ ਰਜਾਈਆਂ ਚੁੱਕ ਲੈਜਾਣ ਨਾਲ ਬੱਚੀ ਦੀ ਮੌਤ ਹੋਈ ਹੈ? ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਪੂਰੇ ਮਾਮਲੇ ਬਾਰੇ ਪਤਾ ਨਹੀਂ। ਇਸੇ ਪੱਤਰਕਾਰ ਵੱਲੋਂ ਇਹ ਸਵਾਲ ਪੁੱਛੇ ਜਾਣ ’ਤੇ ਕਿ ਕੈਪਟਨ ਅਮਰਿੰਦਰ ਸਿੰਘ ਨੇ 1984 ਕਤਲੇਆਮ ਵਿੱਚ ਕਈ ਭਾਜਪਾ ਆਗੂਆਂ ਦੇ ਨਾਂ ਨਸ਼ਰ ਕੀਤੇ ਹਨ ਕੀ ਅਕਾਲੀ ਦਲ ਉਨ੍ਹਾਂ ਖਿਲਾਫ ਵੀ ਜਾਂਚ ਦੀ ਮੰਗ ਕਰੇਗਾ? ਤਾਂ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਕੈਪਟਨ ਵੱਲੋਂ ਦਿੱਤੇ ਬਿਆਨ ਬਾਰੇ ਪਤਾ ਹੀਂ ਨਹੀ। ਜਦੋਂ ਪੱਤਰਕਾਰਾਂ ਨੇ ਫਿਰ ਕਿਹਾ ਕਿ ਜੇ ਅਕਾਲੀ ਦਲ ਕਾਂਗਰਸ ਦੀ ਕਤਲੇਆਮ ਵਿੱਚ ਸ਼ਮੂਲੀਅਤ ਦੀ ਜਾਂਚ ਦੀ ਮੰਗ ਜਰ ਸਕਦਾ ਹੈ ਤਾਂ ਭਾਜਪਾਈਆਂ ਦੀ ਕਿਉਂ ਨਹੀਂ ਕਰ ਸਕਦਾ ਤਾਂ ਬਾਦਲ ਨੇ ਕਿਹਾ ਕਿ ਕਾਕਾ ਹੁਣ ਲੋਕ ਸਭਾ ਚੋਣਾਂ ਆ ਗਈਆਂ ਹੁਣ ਤਾਂ ਹਰੇਕ ਲੀਡਰ ਕੋਈ ਨਾ ਕੋਈ ਬਿਆਨ ਦੇਵੇਗਾ ਹੀ, ਏਨਾ ਕਹਿਕੇ ਉਹ ਚਲਦੇ ਬਣੇ। ਇਸ ਮੌਕੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸ. ਬਾਦਲ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਮਾਨਸ਼ਾਹੀਆ, ਗੁਰਪ੍ਰੀਤ ਸਿੰਘ ਮਾਨਸ਼ਾਹੀਆ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਅਕਾਲੀ ਦਲ, ਗੁਰਤਿੰਦਰ ਸਿੰਘ ਰਿੰਪੀ ਮਾਨ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ, ਮਨਜੀਤ ਸਿੰਘ ਸ਼ਿੰਪੀ ਚੇਅਰਮੈਨ ਬਲਾਕ ਸੰਮਤੀ, ਸੀਨੀਅਰ ਅਕਾਲੀ ਆਗੂ ਗੁਰਮੀਤ ਵੜੈਚ, ਗੁਰਦੀਪ ਮਾਨ ਜਗ੍ਹਾ ਜ਼ਿਲ੍ਹਾ ਮੀਤ ਪ੍ਰਧਾਨ, ਯੂਥ ਆਗੂ ਪਿੰਦਰ ਸ਼ਰਮਾ, ਸੁਖਵਿੰਦਰ ਸਿੰਘ ਗੁਨੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਸੁਰਜੀਤ ਸਿੰਘ ਸਰਪੰਚ ਗਿਆਨਾ, ਨਿਰਭੈ ਸਿੰਘ ਤੋਤਾ ਪੰਚ, ਹਰਭਗਤ ਸਿੰਘ, ਬਲਵੀਰ ਸੋਚੀ ਕਲੱਬ ਪ੍ਰਧਾਨ, ਮਲਕੀਤ ਕੌਰ ਸਰਪੰਚ ਬਹਿਮਣ ਜੱਸਾ ਸਿੰਘ, ਰਾਜਵੰਤ ਸਿੰਘ ਸਰਪੰਚ ਬਹਿਮਣ ਕੌਰ ਸਿੰਘ, ਹਰਵਿੰਦਰ ਸਿੰਘ ਸਰਪੰਚ ਤੁੰਗਰਾਲੀ, ਯੂਥ ਆਗੂ ਰੂਬੀ ਸ਼ਰਮਾਂ, ਮਨਜੋਤ ਮੰਨੂ ਤਲਵੰਡੀ ਸਾਬੋ ਤੋਂ ਬਿਨ੍ਹਾ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਾਜ਼ਿਰ ਸਨ।
ਮੈਨੂੰ ਬਠਿੰਡਾ ’ਚ ਕਿਸੇ ਬੱਚੀ ਦੀ ਠੰਢ ਨਾਲ ਮੌਤ ਹੋਣ ਬਾਰੇ ਨਹੀਂ ਪਤਾ : ਸੁਖਬੀਰ



