ਅੰਮ੍ਰਿਤਸਰ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸੂਬੇ ਦੀ ਸਰਕਾਰ ਵੱਲੋਂ ਬਿਜਲੀ ਦੀ ਚੋਰੀ ਨੂੰ ਰੋਕਣ ਲਈ ਅਤੇ ਬਿਜਲੀ ਦੀ ਸਹੀ ਵਰਤੋਂ ‘ਤੇ ਜ਼ੋਰ ਦੇਣ ਲਈ ਬਿਜਲੀ ਬੋਰਡ ਦੀ ਜਗ੍ਹਾ ਪਾਵਰ ਕਾਮ ਨੂੰ ਹੋਂਦ ‘ਚ ਲਿਆਂਦਾ ਸੀ ਪਰ ਇਸ ਦੇ ਬਾਵਜੂਦ ਵੀ ਬਿਜਲੀ ਦੀ ਚੋਰੀ ਵਧਦੀ ਹੀ ਜਾ ਰਹੀ ਹੈ। ਕੁਝ ਥਾਵਾਂ ‘ਤੇ ਬਿਜਲੀ ਦੀ ਚੋਰੀ ਬੜੇ ਅਜੀਬੋ-ਗਰੀਬ ਤਰੀਕੇ ਨਾਲ ਅਤੇ ਇੰਨੀ ਚਲਾਕੀ ਨਾਲ ਕੀਤੀ ਜਾਂਦੀ ਹੈ ਕਿ ਬੋਰਡ ਵਾਲਿਆਂ ਨੂੰ ਵੀ ਮਾਮਲੇ ਦੀ ਅਸਲੀਅਤ ਪਤਾ ਨਹੀਂ ਲੱਗਦੀ। ਅਜਿਹਾ ਹੀ ਇਕ ਮਾਮਲਾ ਅਜਨਾਲਾ ਕਸਬੇ ਦਾ ਸਾਹਮਣੇ ਆਇਆ ਹੈ, ਜਿੱਥੇ ਜਗ੍ਹਾ-ਜਗ੍ਹਾ ਬਿਜਲੀ ਦੇ ਸੜੇ ਮੀਟਰ ਦਿਖਾਈ ਦਿੰਦੇ ਹਨ ਅਤੇ ਬਿਜਲੀ ਸਪਲਾਈ ਲਈ ਸਿੱਧੀਆਂ ਕੁੰਡੀਆਂ ਪਾਈਆਂ ਹੁੰਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਬਹੁਤੇ ਬਕਸਿਆਂ ‘ਚੋਂ ਮੀਟਰ ਗਾਇਬ ਹਨ ਅਤੇ ਜੇ ਕੋਈ ਬਚਿਆ ਹੈ ਤਾਂ ਉਹ ਪੂਰੀ ਤਰ੍ਹਾਂ ਸੜਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜਨਾਲਾ ਦੇ ਲੋਕ ਧੜੱਲੇ ਨਾਲ ਬਿਜਲੀ ਦੀ ਵਰਤੋਂ ਕਰਦੇ ਹਨ ਅਤੇ ਫਿਰ ਬਿੱਲ ਨੂੰ ਬਚਣ ਲਈ ਰਾਤ-ਬਰਾਤੇ ਮਿੱਟੀ ਦਾ ਤੇਲ ਪਾ ਕੇ ਮੀਟਰ ਵਾਲੇ ਬਕਸੇ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਇਹ ਮੀਟਰ ਬਦਲਣ ਲਈ 5-6 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ ਅਤੇ ਇਸ ਦੌਰਾਨ ਬਿਜਲੀ ਚੋਰੀ ਦੀਆਂ ਮੌਜਾਂ ਲੱਗ ਜਾਂਦੀਆਂ ਹਨ। ਸਿੱਧੀਆਂ ਕੁੰਡੀਆਂ ਪਾ ਕੇ ਲੋਕ ਅੰਨ੍ਹੇਵਾਹ ਬਿਜਲੀ ਫੂਕਦੇ ਹਨ ਪਰ ਬਿੱਲ ਐਵਰੇਜ ਦੇ ਆਧਾਰ ‘ਤੇ ਆਉਂਦਾ ਹੈ, ਜੋ ਕਿ 200-300 ਰੁਪਏ ਪ੍ਰਤੀ ਮਹੀਨਾ ਤੋਂ ਜ਼ਿਆਦਾ ਨਹੀਂ ਹੁੰਦਾ। ਹੈਰਾਨਗੀ ਦੀ ਗੱਲ ਇਹ ਹੈ ਕਿ ਪਾਵਰ ਕਾਮ ਦੇ ਅਧਿਕਾਰੀ ਅਜਿਹੀ ਬਿਜਲੀ ਚੋਰੀ ਸਾਹਮਣੇ ਖੁਦ ਨੂੰ ਲਾਚਾਰ ਸਮਝ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਜਨਾਲਾ ‘ਚ ਸੈਂਕੜੇ ਬਿਜਲੀ ਮੀਟਰ ਸਾੜੇ ਗਏ ਹਨ, ਜਿਨ੍ਹਾਂ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ। ਜਿਹੜਾ ਵੀ ਵਿਅਕਤੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਭਾਰੀ ਜ਼ੁਰਮਾਨਾ ਕੀਤਾ ਜਾ ਸਕਦਾ ਹੈ ਪਰ ਹਾਲ ਦੀ ਘੜੀ ਤਾਂ ਇਹ ਅਧਿਕਾਰੀ ਲਾਚਾਰ ਹੀ ਜਾਪਦੇ ਹਨ।



