ਸ਼ਾਹਕੋਟ, 8 ਮਾਰਚ (ਸੁਰਿੰਦਰ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਭਰਵੀਂ ਮੀਟਿੰਗ ਪਤੀ ਸਾਹਲਾ ਨਗਰ, ਮਲਸੀਆਂ ਵਿਖੇ ਦਲਬੀਰ ਸਿੰਘ ਸੱਭਰਵਾਲ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿਚ ਸਵ. ਜਥੇ. ਅਜੀਤ ਸਿੰਘ ਕੋਹਾੜ ਸਾਬਕਾ ਮੰਤਰੀ ਦੇ ਪੁਤਰ ਨਾਇਬ ਸਿੰਘ ਕੋਹਾੜ ਸਾਬਕਾ ਐੱਮਡੀ ਕੋਅਪ੍ਰੇਟਿਵ ਬੈਂਕ ਜਲੰਧਰ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਨਾਇਬ ਸਿੰਘ ਕੋਹਾੜ ਨੇ ਕਾਂਗਰਸ ਦੇ ਦੇ ਲੋਕ ਵਿਰੋਧੀ ਫੈਸਲਿਆਂ ਦੀ ਨਿਖੇਧੀ ਕਰਦਿਆ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ, ਪਰ ਹੁਣ ਕਾਂਗਰਸ ਸਰਕਾਰ ਨੇ ਸੱਤਾ ਸੰਭਾਲਿਆ ਹੀ ਲੋਕਾਂ ਪਾਸੋਂ ਸਹੂਲਤਾਂ ਖੋਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਰੇਤਾ ਦੀ ਨਜਾਇਜ਼ ਤੌਰ ’ਤੇ ਹੋ ਰਹੀ ਮਾਈਨਿੰਗ, ਮਹਿੰਗਾਈ ਵਧ ਰਹੀ ਹੈ, ਬਿਜਲੀ ਮਹਿੰਗੀ ਮਿਲ ਰਹੀ ਹੈ, ਸਰਕਾਰੀ ਸਕੂਲ ਬੰਦ ਕਰਕੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਸ਼ਗਨ ਸਕੀਮ ਬੰਦ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਲੋਕ ਕਾਂਗਰਸ ਦੇ ਹਥ ਰਾਜ-ਭਾਗ ਦੇ ਕੇ ਪਛਤਾ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਜਿਹੜੇ ਵਾਅਦੇ ਕਰਕੇ ਸਤਾ ਹਾਸਲ ਕੀਤੀ ਸੀ ਹੁਣ ਕਾਂਗਰਸ ਸਾਰੇ ਵਾਅਦਿਆਂ ਤੋਂ ਭਜ ਰਹੀ ਹੈ। ਕਾਂਗਰਸ ਦੇ ਇਕ ਸਾਲ ਦੇ ਸਮੇਂ ਦੌਰਾਨ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ ਅਤੇ ਬਾਦਲ ਸਰਕਾਰ ਨੂੰ ਯਾਦ ਕਰ ਰਹੇ ਹਨ। ਇਸ ਮੌਕੇ ਉਨਾਂ ਹਲਕਾ ਸ਼ਾਹਕੋਟ ਵਿਚ ਹੋਣ ਜਾ ਰਹੀਆਂ ਜਿਮਣੀ ਚੋਣ ਬਾਰੇ ਸਾਰਿਆਂ ਨੂੰ ਤਿਆਰੀਆਂ ਕਰਨ ਲਈ ਵੀ ਕਿਹਾ। ਇਸ ਮੌਕੇ ਦਲਬੀਰ ਸਿੰਘ ਸੱਭਰਵਾਲ ਨੇ ਨਾਇਬ ਸਿੰਘ ਕੋਹਾੜ ਨੂੰ ਹਰ ਤਰਾਂ ਨਾਲ ਸਹਿਯੋਗ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਕਾਸ਼ ਕੌਰ ਸੱਭਰਵਾਲ ਸਾਬਕਾ ਚੇਅਰਪਰਸਨ ਪੰਚਾਇਤ ਸੰਮਤੀ ਸ਼ਾਹਕੋਟ, ਅਮਰੀਕ ਸਿੰਘ, ਦਲਵੀਰ ਸਿੰਘ ਮੈਂਬਰ ਪੰਚਾਇਤ, ਦਰਸ਼ਨ ਕੌਰ ਬਲਾਕ ਪ੍ਰਧਾਨ, ਮਦਨ ਲਾਲ, ਦੁਲਾ ਰਾਮ, ਕਾਲਾ ਪ੍ਰਧਾਨ ਅਕਲਪੁਰ, ਗੁਰਮੇਲ ਸਿੰਘ, ਦੇਸ ਰਾਜ ਸਹੋਤਾ, ਗੁਰਨਾਮ ਸਿੰਘ, ਪਰਮਜੀਤ ਸਿੰਘ ਪੰਮਾ ਆਦਿ ਸਮੇਤ ਵਡੀ ਗਿਣਤੀ ’ਚ ਲੋਕ ਹਾਜ਼ਰ ਸਨ।