1.07 ਕਰੋੜ ਦੀ ਲਾਗਤ ਨਾਲ ਬੁਰਜ ਤੋਂ ਮਟੌਰ (ਸ੍ਰੀ ਅਨੰਦਪੁਰ ਸਾਹਿਬ) ਸੜਕ ਦਾ ਨਿਰਮਾਣ ਹੋਇਆ ਸ਼ੁਰੂ

ਖੇਤਰ ਦੀ ਵਿਕਾਸ ਦੀ ਗੱਡੀ ਮੁੜ ਲੀਹ ‘ਤੇ ਲਿਆਉਣ ਲਈ ਹਰ ਉਪਰਾਲਾ ਕਰਾਂਗੇ-ਸਪੀਕਰ।
ਸ੍ਰੀ ਅਨੰਦਪੁਰ ਸਾਹਿਬ – ਸੰਤਾ ਮਹਾਪੁਰਸ਼ਾਂ ਵੱਲੋਂ ਸਾਡੇ ਸਮਾਜ ਨੂੰ ਪ੍ਰੇਰਣਾ ਦੇਕੇ ਸੁਚੱਜੇ ਸਮਾਜ ਦੀ ਸਿਰਜਣਾ ਕੀਤੀ ਜਾ ਰਹੀ ਹੈ। ਜਿਹੜੇ ਸੰਤ ਮਹਾਂਪੁਰਸ਼ ਇਸਤੋਂ ਇਲਾਵਾ ਲੋਕ-ਭਲਾਈ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦਾ ਸਾਡੇ ਸਮਾਜ ਵਿੱਚ ਹੋਰ ਵਧੇਰੇ ਮਾਣ-ਸਤਿਕਾਰ ਹੈ। ਬਾਬਾ ਲਾਭ ਸਿੰਘ ਜੀ ਵੱਲੋਂ ਇਸ ਖੇਤਰ ਵਿੱਚ ਕੀਤੇ ਅਜਿਹੇ ਉਪਰਾਲਿਆਂ ਲਈ ਅਸੀਂ ਉਨ੍ਹਾਂ ਦੇ ਵਿਸ਼ੇਸ਼ ਧੰਨਵਾਦੀ ਹਾਂ ਜ਼ਿਨ੍ਹਾਂ ਨੇ ਇਸ ਖੇਤਰ ਵਿੱਚ ਦਰਿਆਵਾਂ ‘ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਪੁਲਾਂ ਦਾ ਨਿਰਮਾਣ ਕਰਵਾਇਆ ਅਤੇ ਸਾਡਾ ਇਹ ਵਾਅਦਾ ਹੈ ਕਿ ਉਹ ਜਿੱਥੇ-ਜਿੱਥੇ ਵੀ ਪੁਲਾਂ ਦਾ ਨਿਰਮਾਣ ਕਰ ਰਹੇ ਹਨ। ਅਸੀਂ ਉੱਥੇ ਸੜਕਾਂ ਦਾ ਨਿਰਮਾਣ ਕਰਾਂਗੇ ਤਾਂ ਜੋ ਇਸ ਇਲਾਕੇ ਨੂੰ ਵਿਕਸਿਤ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਪਿੰਡ ਬੁਰਜ਼ ਵਿਖੇ 1.07 ਕਰੋੜ ਰੁਪਏ ਦੀ ਲਾਗਤ ਨਾਲ 1.23 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਸੜਕਾਂ ਬੁਨਿਆਦੀ ਢਾਂਚੇ ਦਾ ਆਧਾਰ ਹਨ ਅਤੇ ਲੋਕਾਂ ਨੂੰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਸਰਕਾਰ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਨੂੰ ਇਹ ਭਰੋਸਾ ਦਿੱਤਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਚੇ ਆਲੇ-ਦੁਆਲੇ ਦੇ ਖੇਤਰ ਦੇ ਵਿਕਾਸ ਲਈ ਲੋੜੀਂਦੇ ਫੰਡ ਉਪਲੱਬਧ ਕਰਵਾਏ ਜਾਣਗੇ ਜਿਸ ਨਾਲ ਇਸ ਇਲਾਕੇ ਦਾ ਕਈ ਸਾਲਾਂ ਤੋਂ ਰੁਕਿਆ ਹੋਇਆ ਵਿਕਾਸ ਮੂਲ ਲੀਹ ‘ਤੇ ਪਰਤ ਆਵੇਗਾ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪਿੰਡ ਬੁਰਜ ਤੋਂ ਮਟੋਰ ਤੱਕ ਦੀ ਇਸ ਸੜਕ ਤੋਂ ਇਲਾਵਾ ਹਰੀਆਲ ਤੋਂ ਮਟੋਰ, ਚੰਦਪੁਰ-ਗਜਪੁਰ ਤੋਂ ਹਰੀਆਲ, ਮੋਠਾਪੁਰ ਤੋਂ ਅਪਰਪੁਰ ਬੇਲਾ ਅਤੇ ਸੈਣੀਮਾਜਰੇ ਤੋਂ ਮੋਠਾਪੁਰ ਤੱਕ ਦੀਆਂ ਸੜਕਾਂ ਦਾ ਨਿਰਮਾਣ ਵੀ ਜਲਦੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਇਸ ਖੇਤਰ ਦੀਆਂ ਸੜਕਾਂ ਦੇ ਨਿਰਮਾਣ ਲਈ ਵਿਸ਼ੇਸ਼ ਗਰਾਂਟਾਂ ਦੀਆਂ ਪਰਵਾਨਗੀਆਂ ਲੈ ਰਹੇ ਹਾਂ। ਉਨ੍ਹਾਂ ਬੁਰਜ ਤੋਂ ਮਟੌਰ ਵਾਇਆ ਬਲੋਆਲ ਬਨਣ ਵਾਲੀ ਇਸ ਸੜਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸੜਕ ‘ਤੇ 2 ਬੈਨਟਿਡ ਕਾਜ਼ਵੇ ਕੰਕਰੀਟ ਪੁਲੀਆਂ ਅਤੇ ਪਾਣੀ ਦੀ ਨਿਕਾਸੀ ਲਈ ਪਾਈਪ ਲਗਾਕੇ ਇਹ ਵਿਵਸਥਾ ਕੀਤੀ ਜਾਵੇਗੀ ਕਿ ਲੰਮੇ ਸਮੇਂ ਤੱਕ ਪਾਣੀ ਦੀ ਮਾਰ ਇਸ ਸੜਕ ਦਾ ਨੁਕਸਾਨ ਨਾ ਕਰੇ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਨੂਰਪੁਰ ਬੇਦੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਦਾ ਰਸਤਾ ਲਗਭਗ 8 ਕਿਲੋਮੀਟਰ ਘੱਟ ਜਾਵੇਗਾ। ਇਸ ਸੜਕ ਦਾ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਭਰਪੂਰ ਲਾਭ ਹੋਵੇਗਾ। ਸਪੀਕਰ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਤੱਕ ਦੇ ਪਿੰਡਾਂ ਦੇ ਲੋਕ ਬਰਸਾਤਾਂ ਦੌਰਾਨ ਪਹਾੜਾਂ ਤੋਂ ਆਉਣ ਵਾਲੇ ਪਾਣੀ ਦੀ ਮਾਰ ਤੋਂ ਬਹੁਤ ਬੂਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਭਾਵੇਂ ਅਸੀਂ ਸਤਲੁਜ ਦਰਿਆ ਅਤੇ ਸਵਾਂ ਨਦੀ ਨੂੰ ਚੈਨੇਲਾਈਜ਼ ਕਰਨ ਦੇ ਪ੍ਰਬੰਧ ਕਰ ਰਹੇ ਹਾਂ ਪ੍ਰੰਤੂ ਪਹਾੜਾਂ ਦੇ ਪਾਣੀ ਦੀ ਗਿਣਤੀ-ਮਿਣਤੀ ਨਾ ਹੌਣ ਕਾਰਨ ਇਹ ਬਹੁਤ ਹੀ ਮੁਸ਼ਕਿਲ ਕੰਮ ਹੈ। ਅਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਇਨ੍ਹਾਂ ਪਿੰਡਾਂ ਲਈ ਬੰਨ੍ਹ ਅਤੇ ਉਸ ‘ਤੇ ਬਾਈਪਾਸ (ਸੜਕ) ਬਣਾਉਣ ਲਈ ਵਿਸ਼ੇਸ਼ ਗਰਾਂਟ ਦੀ ਮੰਗ ਕੀਤੀ ਹੈ। ਜਿਸ ‘ਤੇ ਲਗਭਗ 35-40 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਮੁੱਖ ਮੰਤਰੀ ਨੇ ਵੀ ਇਸ ਇਲਾਕੇ ਦੇ ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਧਿਆਨ ਵਿੱਚ ਰਖਦੇ ਹੋਏ ਸਾਨੂੰ ਫੰਡ ਉਪਲੱਬਧ ਕਰਵਾਉਣ ਦਾ ਵਾਅਦਾ ਕੀਤਾ ਹੈ। ਇਸ ਬਾਈਪਾਸ ਦੇ ਨਿਰਮਾਣ ਨਾਲ ਜਿੱਥੇ ਇਸ ਇਲਾਕੇ ਦੇ ਕਈ ਪਿੰਡ ਪਾਣੀ ਦੀ ਮਾਰ ਤੋਂ ਬਚ ਜਾਣਗੇ ਉੱਥੇ ਹੋਲੇ-ਮਹੱਲੇ, ਵਿਸਾਖੀ ਅਤੇ ਮਾਤਾ ਸ੍ਰੀ ਨੈਣਾ ਦੇਵੀ ਦੇ ਮੇਲੇ ਦੌਰਾਨ ਸੰਗਤਾਂ ਲਈ ਇਹ ਬਾਈਪਾਸ ਕਾਫੀ ਲਾਭਦਾਇਕ ਹੋਵੇਗਾ। ਇਸ ਤੋਂ ਇਲਾਵਾ ਜਿਹੜੇ ਇਲਾਕਿਆਂ ਵਿੱਚ ਸਤਲੁਜ ਦਾ ਪਾਣੀ ਕਿਸਾਨਾਂ ਦਾ ਨੁਕਸਾਨ ਕਰਦਾ ਹੈ ਉੱਥੇ ਡੰਗੇ ਲਗਾਕੇ ਪਾਣੀ ਰੋਕਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵੱਡੇ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਸਰਵੇ ਕਰਵਾਉਣਾ ਉਨ੍ਹਾਂ ਦੀ ਤਜ਼ਵੀਜ਼ ਅਤੇ ਤਖਮੀਨੇ ਤਿਆਰ ਕਰਨ ਨੂੰ ਸਮਾਂ ਲੱਗਦਾ ਹੈ ਪ੍ਰੰਤੂ ਅਸੀਂ ਜੋ ਵਾਅਦੇ ਕਰ ਰਹੇਂ ਹਾਂ ਉਹ ਜ਼ਰੂਰ ਨਿਸ਼ਚਿਤ ਸਮੇਂ ਅੰਦਰ ਪੂਰੇ ਕੀਤੇ ਜਾਣਗੇ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪਿੰਡਾਂ ਦੇ ਲੋਕ ਖੁਦ ਆਪਣੇ ਨੁਮਾਇਦੇ ਚੁਣਦੇ ਹਨ ਅਤੇ ਉਹ ਨੁਮਾਇਦੇ ਆਪਣੇ ਇਲਾਕੇ ਦੀਆਂ ਮੁਸ਼ਕਿਲਾਂ ਉਪਰ ਤੱਕ ਪਹੁੰਚਾਉਦੇ ਹਨ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ਤੇ ਧੱੜੇਬੰਦੀ ਖਤਮ ਕਰਕੇ ਆਪਣੇ ਖੇਤਰ ਦੇ ਵਿਕਾਸ ਲਈ ਲਾਮਬੰਦ ਹੋਣ ਦੀ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੰਤਾਂ ਮਹਾਪੁਰਸ਼ਾਂ ਤੋਂ ਸੇਧ ਅਤੇ ਪ੍ਰੇਰਣਾਂ ਲੈਣ ਦੇ ਨਾਲ-ਨਾਲ ਉਨ੍ਹਾਂ ਵੱਲੋਂ ਕੀਤੇ ਜਾਂਦੇ ਸਮਾਜਿਕ ਕੰਮਾਂ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਸਹਿਯੋਗ ਦੇਣਾਂ ਚਾਹੀਦਾ ਹੈ। ਇਸ ਮੌਕੇ ਨਗਰ ਨਿਵਾਸੀਆਂ ਅਤੇ ਪਤਵੰਤਿਆਂ ਵੱਲੋਂ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਸੁਰਿੰਦਰਪਾਲ ਸਿੰਘ, ਕਾਰਜਕਾਰੀ ਇੰਜੀਨੀਅਰ ਡਰੇਨੇਜ਼ ਸ੍ਰੀ ਸੁਖਵਿੰਦਰ ਸਿੰਘ ਕਲਸੀ, ਕਾਰਜਕਾਰੀ ਇੰਜੀਨੀਅਰ ਬੀ. ਐਂਡ ਆਰ. ਸ੍ਰੀ ਵਿਸ਼ਾਲ ਗੁਪਤਾ, ਪ੍ਰਧਾਨ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਹਰਜੀਤ ਸਿੰਘ ਜੀਤਾ, ਸ੍ਰੀ ਰਮੇਸ਼ ਦਸਗਰਾਂਈਂ, ਸ੍ਰੀ ਕਮਲਦੇਵ ਜੋਸ਼ੀ, ਸ੍ਰੀ ਪ੍ਰੇਮ ਸਿੰਘ ਬਾਸੋਵਾਲ, ਸ੍ਰੀ ਹਰਬੰਸ ਲਾਲ ਮੇਹੰਦਲੀ, ਸ੍ਰੀ ਬਲਬੀਰ ਸਿੰਘ ਭੀਰੀ, ਪ੍ਰਧਾਨ ਵਪਾਰ ਮੰਡਲ ਸ੍ਰੀ ਇੰਦਰਜੀਤ ਸਿੰਘ ਅਰੋੜਾ, ਰਿਟਾਇਰ ਡੀ.ਓ. ਸ੍ਰੀ ਸਵਰਨ ਸਿੰਘ, ਸ੍ਰੀ ਕਮਲਦੀਪ ਸੈਣੀ, ਪ੍ਰਧਾਨ ਰੇਹੜੀ ਯੂਨੀਅਨ ਸ੍ਰੀ ਹਰਭਜਨ ਸਿੰਘ ਸੁਖੂ, ਸ੍ਰੀ ਸਤਨਾਮ ਸਿੰਘ, ਸ੍ਰੀ ਪਰਮਜੀਤ ਸਿੰਘ, ਸ੍ਰੀ ਅਮਰੀਕ ਸਿੰਘ, ਡਾ. ਬਾਮ ਦੇਵ, ਸ੍ਰੀ ਲੱਕੀ ਕਪਿਲਾ, ਸ੍ਰੀ ਭਾਗ ਸਿੰਘ, ਸ੍ਰੀ ਕੁਲਦੀਪ ਸਿੰਘ, ਸ੍ਰੀ ਆਤਮਾ ਸਿੰਘ ਰਾਣਾ ਆਦਿ ਪਤਵੰਤੇ ਅਤੇ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Send this to a friend