ਕਾਹਨੂੰਵਾਨ, 4 ਮਾਰਚ (ਡਾ. ਜਸਪਾਲ ਸਿੰਘ ਭਿਟੇਵਡ)- ਸਹੁਰਾ ਪਰਿਵਾਰ ਵਲੋਂ ਵਿਆਹ ਤੋ ਮੁਕਰ ਜਾਣ ਤੋਂ ਬਾਅਦ ਦੁਖੀ ਹੋਏ ਨੌਜਵਾਨ ਵਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ। ਪਤਾ ਲਗਾ ਹੈ ਕਿ ਨੌਜਵਾਨ ਦੀ ਕਰੀਬ ਚਾਰ ਸਾਲ ਪਹਿਲਾ ਨਜ਼ਦੀਕੀ ਪਿੰਡ ਵਿਚ ਮੰਗਣੀ ਹੋਈ ਸੀ ਪਰ ਕਿਸੇ ਕਾਰਨ ਉਸ ਦਾ ਸਹੁਰਾ ਪਰਿਵਾਰ ਵਿਆਹ ਮੁਕਰਰ ਕਰਨ ਤੋਂ ਟਾਲ ਮਟੋਲ ਕਰ ਰਿਹਾ ਸੀ। ਜਿਸ ਤੋ ਦੁਖੀ ਹੋ ਕੇ ਉਕਤ ਨੌਜਵਾਨ ਨੇ ਆਪਣੇ ਸਹੁਰੇ ਪਿੰਡ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਗਈ। ਇਸ ਬਾਰੇ ਪਤਾ ਲਗਣ ‘ਤੇ ਨੌਜਵਾਨ ਦੇ ਪਰਿਵਾਰ ਵਾਲਿਆਂ ਵਲੋਂ ਉਸ ਨੂੰ ਇਲਾਜ ਲਈ ਲਿਜਾਇਆ ਗਿਆ ਪਰ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਥਾਣਾ ਭੈਣੀ ਮੀਆਂ ਖਾਂ ਦੇ ਮੁਖ ਅਫ਼ਸਰ ਸਰਬਜੀਤ ਸਿੰਘ ਨੇ ਦਸਿਆ ਕਿ ਓਮਾ ਪੁਤਰ ਅਜੈਬ ਸਿੰਘ ਵਾਸੀ ਮੌਚਪੁਰ ਦੀ ਉਸ ਦੇ ਨੇੜਲੇ ਪਿੰਡ ਫ਼ਤੂਬਰਕਰਾਂ ਦੀ ਮਨਜੀਤ ਕੌਰ ਪੁਤਰੀ ਜਗਤਾਰ ਸਿੰਘ ਨਾਲ ਮੰਗਣੀ ਹੋਈ ਸੀ ਪਰ ਲੜਕੀ ਦੇ ਪਰਿਵਾਰ ਵਾਲੇ ਕਿਸੇ ਮਜਬੂਰੀ ਦੇ ਚਲਦਿਆ ਵਿਆਹ ਕਰਨ ਲਈ ਟਾਲ ਮਟੋਲ ਕਰ ਰਹੇ ਸਨ। ਥਾਣਾ ਮੁਖੀ ਨੇ ਦਸਿਆ ਕਿ ਬੀਤੇ ਕਲ੍ਹ ਓਮਾ ਆਪਣੇ ਸਹੁਰੇ ਘਰ ਫ਼ਤੂਬਰਕਤਾਂ ਵਿਖੇ ਗਿਆ ਅਤੇ ਆਪਣੀ ਸਸ ਕੋਲ ਵਿਆਹ ਮੁਕਰਰ ਕਰਨ ਲਈ ਦਬਾਅ ਬਣਾਉਣ ਲਗਾ ਤਾਂ ਉਸ ਦੀ ਸਸ ਨੇ ਉਸ ਨਾਲ ਆਪਣੀ ਲੜਕੀ ਮਨਜੀਤ ਕੌਰ ਦਾ ਰਿਸ਼ਤਾ ਤੋੜਦਿਆਂ ਹੋਇਆ ਉਸ ਨੂੰ ਜੁਆਬ ਦੇ ਦਿਤਾ। ਜਿਸ ਤੋ ਬਾਅਦ ਗ਼ੁਸੇ ਵਿਚ ਆਏ ਨੌਜਵਾਨ ਓਮਾ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ।ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਚਾਰ ਭੈਣਾਂ ਦਾ ਭਰਾ ਦਸਿਆ ਜਾ ਰਿਹਾ ਹੈ। ਪੁਲਿਸ ਵਲੋਂ ਉਸ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਸਪੁਰਦ ਕਰ ਕੇ ਮ੍ਰਿਤਕ ਦੀ ਸਸ ਕਸ਼ਮੀਰ ਕੌਰ ਅਤੇ ਉਸ ਦੀ ਪੁਤਰੀ ਮਨਜੀਤ ਕੌਰ ਦੇ ਖ਼ਿਲਾਫ਼ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।