ਜ਼ਿੰਦਗੀ ਵਿੱਚ 85 ਪ੍ਰਤੀਸ਼ਤ ਸਫ਼ਲਤਾ ਤੁਹਾਡੀਆਂ ਸਮਾਜਿਕ ਯੋਗਤਾਵਾਂ ’ਤੇ ਨਿਰਭਰ ਹੁੰਦੀ ਹੈ। ਸਫ਼ਲਤਾ ਨਿਰਭਰ ਕਰਦੀ ਹੈ ਤੁਹਾਡੇ ਦੂਸਰਿਆਂ ਪ੍ਰਤੀ ਵਿਵਹਾਰ ਉਤੇ। ਤੁਹਾਡਾ ਦੂਜਿਆਂ ਪ੍ਰਤੀ ਵਿਵਹਾਰ ਕਿੰਨਾ ਕੁ ਸਕਾਰਾਤਮਕ ਹੈ, ਅਸਰਦਾਰ ਹੈ, ਪ੍ਰਭਾਵਸ਼ਾਲੀ ਹੈ। ਤੁਸੀਂ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਰਾਹ ਵਿੱਚ ਆਉਣ ਵਾਲੇ ਸਾਰੇ ਲੋਕਾਂ ਤੋਂ ਕਿੰਨਾ ਕੁ ਸਹਿਯੋਗ ਲੈਣ ਵਿੱਚ ਸਫ਼ਲ ਹੁੰਦੇ ਹੋ। ਤੁਹਾਡੇ ਸੰਪਰਕ ਵਿੱਚ ਆਉਣ ਵਾਲੇ ਲੋਕ ਤੁਹਾਨੂੰ ਕਿੰਨੀ ਖੁਸ਼ੀ ਅਤੇ ਉਤਸ਼ਾਹ ਨਾਲ ਸਹਿਯੋਗ ਦਿੰਦੇ ਹਨ। ਮਾਨਵੀ ਰਿਸ਼ਤਿਆਂ ਦੀ ਸਮਝ ਰੱਖਣ ਵਾਲੇ ਲੋਕਾਂ ਨੂੰ ਸਫਲਤਾ ਦੇ ਰਾਹ ਛੇਤੀ ਅਤੇ ਸੌਖੇ ਮਿਲਦੇ ਹਨ। ਅਜਿਹੇ ਲੋਕ ਜ਼ਿੰਦਗੀ ਦੀ ਜਿੱਤ ਦੀ ਇਬਾਰਤ ਸੌਖਿਆਂ ਹੀ ਲਿੱਖ ਲੈਂਦੇ ਹਨ। ਜ਼ਿੰਦਗੀ ਵਿੱਚ ਸਫ਼ਲਤਾ ਦੇ ਅਰਥਾਂ ਨੂੰ ਗਹਿਰਾਈ ਵਿੱਚ ਸਮਝਣ ਲਈ ਮਾਨਵੀ ਸਬੰਧਾਂ ਦੀ ਸਮਰੱਥਾ ਨੂੰ ਵੀ ਗਹਿਰਾਈ ਨਾਲ ਸਮਝਣਾ ਪਵੇਗਾ।
ਸਮਾਜਿਕ ਅਤੇ ਪੇਸ਼ਵਾਰਨਾ ਤੌਰ ’ਤੇ ਅਸਫ਼ਲ ਲੋਕਾਂ ਦੀ ਜ਼ਿੰਦਗੀ ’ਤੇ ਨਜ਼ਰ ਮਾਰਨ ’ਤੇ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਇਨ੍ਹਾਂ ਦੀ ਅਸਫ਼ਲਤਾ ਦਾ ਵੱਡਾ ਕਾਰਨ ਦੂਸਰੇ ਲੋਕਾਂ ਦਾ ਸਹਿਯੋਗ ਹਾਸਿਲ ਕਰਨ ਵਿੱਚ ਅਸਫ਼ਲ ਰਹਿਣਾ ਸੀ। ਅਜਿਹੇ ਲੋਕ ਹੋਰਨਾਂ ਨੂੰ ਆਪਣੇ ਨਾਲ ਚੱਲਣ ਲਈ ਪ੍ਰੇਰਿਤ ਕਰਨ ਵਿੱਚ ਅਯੋਗ ਸਾਬਤ ਹੋਏ। ਇਕ ਅਧਿਐਨ ਅਨੁਸਾਰ ਇਕ ਦਹਾਕੇ ਦੌਰਾਨ ਨੌਕਰੀ ਤੋਂ ਕੱਢੇ 95 ਫੀਸਦੀ ਲੋਕਾਂ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਕਾਰਨ ਉਨ੍ਹਾਂ ਦੀ ਸਮਾਜਿਕ ਅਯੋਗਤਾ ਅਤੇ ਸਹਿ ਕਰਮਚਾਰੀਆਂ ਨੂੰ ਆਪਣੇ ਸਹਿਯੋਗ ਲਈ ਪ੍ਰੇਰਿਤ ਕਰਨ ਦੀ ਅਯੋਗਤਾ ਸੀ। ਜ਼ਿੰਦਗੀ ਦੇ ਰੰਗਹੀਣ ਹੋਣ ਦਾ ਵੱਡਾ ਕਾਰਨ ਸਾਡੇ ਸਮਾਜਿਕ ਰਿਸ਼ਤਿਆਂ ਵਿੱਚੋਂ ਨਿੱਘ ਦਾ ਮੁੱਕ ਜਾਣਾ ਹੁੰਦਾ ਹੈ। ਮਨ ਦੀ ਉਦਾਸੀ ਦਾ ਕਾਰਨ ਵੀ ਰਿਸ਼ਤਿਆਂ ਦੀ ਟੁੱਟ ਭੱਜ ਹੁੰਦੀ ਹੈ। ਜ਼ਿੰਦਗੀ ਵਿੱਚ ਬੇਮੌਸਮੀ ਪੱਤਝੱੜ ਦੀ ਆਮਦ ਵੀ ਸਾਡੇ ਸਮਾਜਿਕ ਸਬੰਧਾਂ ਦੀ ਟੁੱਟ ’ਚੋਂ ਨਿਕਲੀ ਇਕੱਲਤਾ ਵੀ ਹੁੰਦੀ ਹੈ। ਜ਼ਿੰਦਗੀ ਦੀਆਂ ਬਹੁਤੀਆਂ ਸਮੱਸਿਆਵਾਂ ਲੋਕਾਂ ਦੇ ਸਬੰਧਾਂ ਨਾਲ ਹੀ ਸਬੰਧਿਤ ਹੁੰਦੀਆਂ ਹਨ।
ਅਸੀਂ ਹਮੇਸ਼ਾਂ ਅਜਿਹੀ ਸਖਸ਼ੀਅਤ ਦੇ ਮਾਲਿਕ ਬਣਨਾ ਚਾਹੁੰਦੇ ਹਾਂ, ਜਿਹੜੀ ਪ੍ਰਭਾਵਸ਼ਾਲੀ, ਪ੍ਰਸੰਨਤਾ ਭਰਪੂਰ, ਸਤਿਕਾਰਤ ਅਤੇ ਸਫ਼ਲ ਹੋਵੇ। ਅਸੀਂ ਚਾਹੁੰਦੇ ਹਾਂ ਕਿ ਹਮੇਸ਼ਾਂ ਸਾਡੇ ਦਰਾਂ ’ਤੇ ਸੁਹਵਣੇ ਮੌਸਮਾਂ ਦੀ ਸੁਰਮਈ ਦਸਤਕ ਸੁਣਾਈ ਦੇਵੇ। ਮਨ ਦੇ ਕੈਨਵੈਸ ’ਤੇ ਹਮੇਸ਼ਾਂ ਰੰਗ ਬਿਰੰਗੇ ਚਿੱਤਰ ਉਕਰਨ। ਅਜਿਹੀਆਂ ਸਖਸ਼ੀਅਤਾਂ ਬਣਾਉਣ ਲਈ ਤੁਹਾਨੂੰ ਮਨ ਦੀਆਂ ਨੁੱਕਰਾਂ ਨੂੰ ਫਰੋਲਣਾ ਹੋਵੇਗਾ ਅਤੇ ਉਦਾਸ ਰੰਗਾਂ ਨੂੰ ਅਲਵਿਦਾ ਕਹਿਣੀ ਪਵੇਗੀ। ਇਥੇ ਤਾਂ ਕੁਦਰਤ ਦਾ ਨਿਯਮ ਲਾਗੂ ਹੁੰਦਾ ਹੈ ਜੋ ਬੀਜੋਗੇ ਉਹੀ ਵੱਢੋਗੇ। ਦੂਜੇ ਦਾ ਸਤਿਕਾਰ ਪਾਉਣ ਦਾ ਇਕੋ-ਇਕ ਤਰੀਕਾ ਹੈ ਕਿ ਉਸ ਦਾ ਸਤਿਕਾਰ ਕਰੋ। ਜਦੋਂ ਤੁਸੀਂ ਕਿਸੇ ਵਿਅਕਤੀ ਪ੍ਰਤੀ ਸਤਿਕਾਰ ਅਤੇ ਪ੍ਰਸੰਸਾ ਦਾ ਇਜ਼ਹਾਰ ਕਰਦੇ ਹੋ ਤਾਂ ਉਹ ਵੀ ਬਦਲੇ ਵਿੱਚ ਤੁਹਾਨੂੰ ਸਤਿਕਾਰ ਅਤੇ ਪਿਆਰ ਦੇਵੇਗਾ। ਮਾਨਵੀ ਸਬੰਧਾਂ ਵਿੱਚ ਇਹ ਅਜਮਾਇਆ ਹੋਇਆ ਸਿਧਾਂਤ ਹੈ ਕਿ ਪਿਆਰ ਬਦਲੇ ਪਿਆਰ ਮਿਲਦਾ ਹੈ ਅਤੇ ਸਤਿਕਾਰ ਬਦਲੇ ਸਤਿਕਾਰ। ਦੁਨੀਆਂ ਭਰ ਪ੍ਰੇਮ, ਰੋਮਾਂਸ ਅਤੇ ਦੋਸਤੀ ਦਾ ਸਬੰਧ ਇਸੇ ਸਿਧਾਂਤ ਉਤੇ ਆਧਾਰਿਤ ਹੈ।
ਸਾਡਾ ਸੁਭਾਅ ਸਾਡੇ ਮਨ ਵਿੱਚ ਲਗਾਤਾਰ ਪੁੰਗਰਦੀਆਂ ਸੋਚਮਈ ਤਰੰਗਾਂ ਦੀ ਦੇਣ ਹੁੰਦਾ ਹੈ। ਮਨ ਸੱਚਮੁੱਚ ਹੀ ਇਕ ਗੁੰਝਲਦਾਰ ਬੁਝਾਰਤ ਹੈ, ਜਿਸ ਰਾਹੀਂ ਬਣਿਆ ਸਾਡਾ ਸੁਭਾਅ ਦਿਮਾਗ ਦੇ ਤਿੰਨੇ ਹਿੱਸਿਆਂ ਵਿੱਚ ਪਈਆਂ ਸੋਚਾਂ ਰਾਹੀਂ ਬਣਦਾ ਹੈ। ਬਹੁਤ ਵਾਰ ਅਸੀਂ ਇਕ ਵਾਕ ਸੁਣਦੇ ਹਾਂ ਕਿ ਕੀ ਕਰਾਂ ਮੈਂ ਉਸ ਦਾ ਵਿਸ਼ਵਾਸ ਨਹੀਂ ਜਿੱਤ ਸਕਿਆ। ਸਵਾਲ ਉਠਦਾ ਹੈ ਕਿ ਕਿਵੇਂ ਦੂਸਰੇ ਵਿਅਕਤੀ ਨੂੰ ਯਕੀਨ ਦਿਵਾਇਆ ਜਾਵੇ, ਕੀ ਤੁਸੀਂ ਉਸ ਦੇ ਵਿਸ਼ਵਾਸਪਾਤਰ ਬਣ ਸਕਦੇ ਹੋ। ਉਹ ਤੁਹਾਡੇ ’ਤੇ ਕਿਉਂ ਯਕੀਨ ਕਰੇ। ਇਥੇ ਵੀ ਕੁਦਰਤ ਦਾ ਉਹੀ ਸਿਧਾਂਤ ਲਾਗੂ ਹੁੰਦਾ ਹੈ, ਜੋ ਆਪ ਦਿੰਦੇ ਹੋ ਉਹੀ ਤੁਹਾਨੂੰ ਮਿਲਦਾ ਹੈ। ਜਿਸ ਕਿਸਮ ਦੀਆਂ ਤਰੰਗਾਂ ਤੁਸੀਂ ਭੇਜਦੇ ਹੋ ਉਹੀ ਤਰੰਗਾਂ ਤੁਹਾਨੂੰ ਵਾਪਸ ਮਿਲਦੀਆਂ ਹਨ। ਸੋ, ਤੁਸੀਂ ਦੂਜੇ ਵਿਅਕਤੀ ’ਤੇ ਵਿਸ਼ਵਾਸ ਕਰੋ। ਫਿਰ ਵਿਸ਼ਵਾਸ ਕਰੋ, ਵਿਸ਼ਵਾਸ ਕਰੋ। ਵਿਸ਼ਵਾਸ ਰੱਖੋ ਸਮਾਂ ਆਵੇਗਾ ਉਹ ਵੀ ਤੁਹਾਡੇ ’ਤੇ ਵਿਸ਼ਵਾਸ ਕਰਨ ਲੱਗੇਗਾ।
ਨਿਮਰਤਾ, ਸਹਿਣਸ਼ੀਲਤਾ, ਸੂਝ ਅਤੇ ਉਦਾਰਤਾ ਆਦਿ ਗੁਣਾਂ ਨਾਲ ਲਬਰੇਜ਼ ਸਖਸ਼ੀਅਤ ਵਾਲਾ ਮਨੁੱਖ ਸਹਿਜ ਹੀ ਲੋਕਾਂ ਦੀ ਵਿਸ਼ਵਾਸ ਯੋਗਤਾ ਦਾ ਪਾਤਰ ਬਣ ਜਾਂਦਾ ਹੈ।