ਨਿਊਯਾਰਕ, 1 ਫਰਵਰੀ (ਪੀ.ਟੀ.)-ਭਾਰਤੀ ਡਿਪਲੋਮੈਟ ਦੇਵਯਾਨੀ ਖੈਬਰਾਗੜੇ ਮਾਮਲੇ ਕਾਰਨ ਭਾਰਤ ਤੇ ਅਮਰੀਕਾ ਦੇ ਦੋ ਪੱਖੀ ਸਬੰਧਾਂ ਵਿਚ ਆਏ ਤਣਾਅ ਦੇ ਹੋਰ ਵਧਣ ਦੀ ਸੰਭਾਵਨਾ ਹੈ। ਅਮਰੀਕਾ ਨੇ ਦੇਵਯਾਨੀ ਨੂੰ ਕਥਿਤ ਰੂਪ ਵਿਚ ਮਿਲੀ ਡਿਪਲੋਮੈਟਿਕ ਛੋਟ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੈ ਤੇ ਕਿਹਾ ਹੈ ਕਿ ਉਨ੍ਹਾਂ ’ਤੇ ਲੱਗਾ ਵੀਜ਼ਾ ਧੋਖਾਧੜੀ ਦਾ ਮਾਮਲਾ ਚਲਦਾ ਰਹੇਗਾ। ਕੁਝ ਦਿਨ ਪਹਿਲਾਂ ਸਵਿਟਜ਼ਰਲੈਂਡ ਵਿਚ ਭਾਰਤ ਦੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਜੌਨ ਕੈਰੀ ਨੇ ਮਿਲ ਕੇ ਦੋ-ਪੱਖੀ ਸਬੰਧਾਂ ਵਿਚ ਆਈ ਕੁੜੱਤਣ ਨੂੰ ਦੂਰ ਕਰਨ ਦੀ ਵਚਨਬੱਧਤਾ ਦੁਹਰਾਈ ਸੀ। ਪਰ ਅਮਰੀਕੀ ਅਦਾਲਤ ਵਿਚ ਦੇਵਯਾਨੀ ਮਾਮਲੇ ਨੂੰ ਲੈ ਕੇ ਹੋ ਰਹੀ ਖਿੱਚੋਤਾਣ ਤੋਂ ਬਾਅਦ ਸਬੰਧਾਂ ਵਿਚ ਸੁਧਾਰ ਹੋਣ ਦੀ ਗੁੰਜਾਇਸ਼ ਘੱਟ ਹੁੰਦੀ ਨਜ਼ਰ ਆ ਰਹੀ ਹੈ। ਮੈਨਹਟਨ ਦੇ ਅਟਾਰਨੀ ਪ੍ਰੀਤ ਭਰਾੜਾ ਨੇ ਅਦਾਲਤ ਵਿਚ ਕਿਹਾ ਕਿ ਦੇਵਯਾਨੀ ਸਾਬਕਾ ਡਿਪਲੋਮੈਟ ਹੈ
ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਡਿਪਲੋਮੈਟਿਕ ਛੋਟ ਨਹੀਂ ਮਿਲੀ ਹੋਈ ਹੈ। ਸਹਾਇਕ ਅਟਾਰਨੀ ਕ੍ਰਿਸ਼ਟੀ ਗ੍ਰਾਨਬਰਗ ਅਤੇ ਅਮਾਂਡਾ ਕ੍ਰੇਮਰ ਨੇ ਅਦਾਲਤ ਵਿਚ ਕਿਹਾ ਕਿ ਦੇਵਯਾਨੀ ਨੂੰ ਫਿਲਹਾਲ ਡਿਪਲੋਮੈਟ ਛੋਟ ਹਾਸਲ ਨਹੀਂ ਹੈ ਅਤੇ ਗ੍ਰਿਫਤਾਰੀ ਦੇ ਸਮੇਂ ਵਣਜ ਦੂਤਘਰ ਵਿਚ ਤਾਇਨਾਤ ਹੋਣ ਕਾਰਨ ਉਨ੍ਹਾਂ ਨੂੰ ਸਿਰਫ਼ ਆਪਣੇ ਡਿਪਲੋਮੈਟਿਕ ਕੰਮਾਂ ਲਈ ਮੁਕੱਦਮੇ ਤੋਂ ਛੋਟ ਮਿਲੀ ਸੀ।