ਥਾਣੇ, 29 ਜਨਵਰੀ (ਪੀ.ਟੀ.)-ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਵਿਚ ਮੁੰਬਈ-ਅਹਿਮਦਾਬਾਦ ਹਾਈਵੇਅ ’ਤੇ ਦੇਰ ਰਾਤ ਇਕ ਬੱਸ ਅਤੇ ਟੈਂਕਰ ਦੀ ਟੱਕਰ ਹੋ ਗਈ, ਜਿਸ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 11 ਹੋਰ ਝੁਲਸ ਗਏ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪੁਣੇ ਤੋਂ ਅਹਿਮਦਾਬਾਦ ਜਾ ਰਹੀ ਇਕ ਲਗਜ਼ਰੀ ਬੱਸ ਦੀ ਸਾਹਮਣੇ ਤੋਂ ਆ ਰਹੇ ਡੀਜ਼ਲ ਨਾਲ ਭਰੇ ਇਕ ਟੈਂਕਰ ਨਾਲ ਟੱਕਰ ਹੋ ਗਈ। ਟੱਕਰ ਨਾਲ ਦੋਨਾਂ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਦੌਰਾਨ ਸੱਤ ਵਿਅਕਤੀ ਸੜ ਕੇ ਮਰ ਗਏ ਅਤੇ ਗਿਆਰਾਂ ਝੁਲਸ ਗਏ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਭਾਰਤ ਪੈਟਰੋਲੀਅਮ ਦਾ ਟੈਂਕਰ ਡੀਜ਼ਲ ਲੈ ਕੇ ਹਜੀਰਾ ਜਾ ਰਿਹਾ ਸੀ। ਸਾਰੇ ਮ੍ਰਿਤਕ ਬੱਸ ਸਵਾਰ ਯਾਤਰੀ ਸਨ। ਜਦੋਂ ਤੱਕ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ, ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ।