ਅਜੀਤਵਾਲ, 29 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਪਿੰਡ ਕੋਕਰੀ ਕਲਾਂ ਵਿਖੇ ਰਹਿ ਰਹੇ ਇੱਕ ਗੁਰਬਤ ਦੇ ਭੰਨੇ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਸਵੇਰੇ ਸਾਢੇ ਪੰਜ ਵਜੇ ਇੱਕ ਕਮਰੇ ਦੀ ਛੱਤ ਅਚਾਨਕ ਡਿੱਗ ਪੈਣ ਕਰਕੇ ਮਜ਼ਦੂਰ ਦੇ ਤਿੰਨ ਬੱਚੇ ਥੱਲੇ ਆ ਗਏ, ਜਿਸ ਕਾਰਨ ਇੱਕ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ, ਜਦੋਂਕਿ 9 ਅਤੇ 7 ਸਾਲਾ ਬੱਚੇ ਸਿਵਲ ਹਸਪਤਾਲ ਮੋਗਾ ਵਿਖੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਹੇ ਹਨ। ਦੂਜੇ ਪਾਸੇ ਇਸ ਮਨਹੂਸ ਖ਼ਬਰ ਦਾ ਜਿਉਂ ਹੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਸਮੁੱਚੇ ਪਿੰਡ ਵਿੱਚ ਇਕਦਮ ਮਾਤਮ ਛਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚਿਆ ਦੇ ਮਾਂ-ਬਾਪ ਸਵੇਰੇ ਉ¤ਠ ਕੇ ਚਾਹ ਪੀਣ ਲਈ ਕਮਰੇ ਤੋਂ ਬਾਹਰ ਆ ਕੇ ਬੈਠੇ ਹੀ ਸਨ ਕਿ ਇਹ ਭਾਣਾ ਵਾਪਰ ਗਿਆ।
ਮ੍ਰਿਤਕ ਸ਼ੰਭੂ ਨਾਥ ਦੇ ਪਿਤਾ ਮੰਗਲ ਰਾਮ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਇਸ ਘਰ ਵਿੱਚ ਰਹਿ ਰਹੇ ਹਨ ਪਰ ਘਰ ਦੇ ਕਮਰੇ ਦੀ ਛੱਤ ਖਸਤਾਹਾਲ ਹੋਣ ਕਰਕੇ ਇਕਦਮ ਡਿੱਗ ਗਈ। ਉਨ੍ਹਾਂ ਦੱਸਿਆ ਕਿ ਓਮ ਪ੍ਰਕਾਸ਼ (9) ਅਤੇ ਸ਼ੁਭਮ (7) ਨੂੰ ਵੀ ਭਿਆਨਕ ਸੱਟਾਂ ਲੱਗੀਆਂ ਹਨ ਪਰ ਪਿੰਡ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਮਲਬੇ ਹੇਠੋਂ ਭਾਰੀ ਮੁਸ਼ੱਕਤ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਪਤਲੀ ਹੋਣ ਕਰਕੇ ਉਨ੍ਹਾਂ ਕੋਲ ਆਪਣੇ ਰਹਿਣ ਲਈ ਵੀ ਮਕਾਨ ਨਹੀਂ ਹੈ। ਉਹ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਪਿੰਡ ਵਿੱਚ ਹੀ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ। ਘਰ ਦੇ ਨੇੜੇ ਗੁਆਂਢੀ ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਹ ਮਦਦ ਲਈ ਪੁੱਜੇ ਅਤੇ ਕਮਰੇ ਦੇ ਪਿ¤ਛੇ ਵਾਲੀ ਖਿੜਕੀ ਤੋਂ ਜ਼ਖ਼ਮੀ ਹਾਲਤ ਵਿੱਚ ਤਿੰਨਾਂ ਬੱਚਿਆਂ ਨੂੰ ਕੱਢਿਆ ਅਤੇ 108 ਐਂਬੂਲੰਸ ਦੀ ਮਦਦ ਨਾਲ ਹਸਪਤਾਲ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਛੋਟੇ ਬੱਚੇ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਪਰਿਵਾਰ ਦੀ ਤੁਰੰਤ ਮਾਲੀ ਮਦਦ ਕਰਨ। ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਅਜੀਤਵਾਲ ਦੇ ਮੁਖੀ ਇੰਸਪੈਕਟਰ ਗੁਰਬਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਥਾਣੇ ਦੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਮੰਗਲ ਰਾਮ ਦੇ ਬਿਆਨਾਂ ’ਤੇ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਹੈ।