ਸ੍ਰੀ ਅਨੰਦਪੁਰ ਸਾਹਿਬ, 8 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)-ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ ਅੰਦਰ ਨਜ਼ਾਇਜ਼ ਖਣਨ ਨੂੰ ਸਖਤੀ ਦੇ ਨਾਲ ਨੱਥ ਪਾਉਣ ਦੇ ਬੇਸ਼ੱਕ ਹੁਕਮ ਦਿੱਤੇ ਗਏ ਹਨ ਪਰ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਲਗਦੇ ਅਗੰਮਪੁਰ ਜ਼ੋਨ ਅੰਦਰ ਧੜੱਲੇ ਦੇ ਨਾਲ ਨਜ਼ਾਇਜ਼ ਖਣਨ ਜਾਰੀ ਹੈ। ਜਦਕਿ ਕਰੱਸ਼ਰਾਂ ਦੇ ਨਾਮ ਤੇ ਸਤਲੁਜ ਦਰਿਆ ਦੇ ਧਰਾਤਲ ਨੂੰ ਵਿਗਾੜ ਕੇ ਕਈ-ਕਈ ਫੁੱਟ ਗਹਿਰਾਈ ਤੱਕ ਖਣਨ ਮਾਫੀਆ ਵੱਲੋਂ ਖੁਦਾਈ ਕੀਤੀ ਜਾ ਰਹੀ ਹੈ। ਜਦਕਿ ਸਬੰਧਿਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਅਹਿਮ ਹਿੱਸੇ ਦੁਆਬਾ ਅਤੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ ਸਰਹੱਦ ਤੇ ਸਥਿਤ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ‘ਚ ਵਸਦੇ ਪੁਆਧ ਦੇ ਖਿੱਤੇ ਨੂੰ ਆਪਸ ਵਿੱਚ ਜੋੜਨ ਵਾਲੇ ਵੱਡੇ ਪੁੱਲ ਦੇ ਇਰਦ-ਗਿਰਦ ਧੜੱਲੇ ਦੇ ਨਾਲ ਹੋ ਰਹੇ ਨਜ਼ਾਇਜ਼ ਖਣਨ ਨੇ ਜਿੱਥੇ ਖਣਨ ਮਾਫੀਆ ਦੇ ਹੌਂਸਲੇ ਬੁਲੰਦ ਕੀਤੇ ਹੋਏ ਹਨ ਉਥੇ ਹੀ ਪੁੱਲ ਦੀ ਹੋਂਦ ਨੂੰ ਵੀ ਖਤਰਾ ਬਣਿਆ ਹੋਇਆ ਹੈ। ਆਲਾ ਮਿਆਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਤ ਦੇ ਘੁੱਪ ਹਨ੍ਹੇਰੇ ਅੰਦਰ ਜੇਕਰ ਕੋਈ ਇਸ ਪੁੱਲ ਕੋਲੋ ਲੰਘ ਜਾਵੇ ਤਾਂ ਸਾਹਮਣੇ ਨਜ਼ਾਰਾ ਕੁਝ ਅਜਿਹਾ ਹੁੰਦਾ ਹੈ ਕਿ ਜਿਵੇਂ ਦੀਵਾਲੀ ਹੋਵੇ। ਕਿਉਂਕਿ ਸਤਲੁਜ ਦਰਿਆ ‘ਚ ਧੜੱਲੇ ਦੇ ਨਾਲ ਵੱਡੀਆਂ-ਵੱਡੀਆਂ ਮਸ਼ੀਨਾਂ ਖਣਨ ਕਰ ਰਹੀਆਂ ਹੁੰਦੀਆਂ ਹਨ।ਜਦਕਿ ਖਣਨ ਮਾਫੀਆ ਦਾ ਖੌਫ ਇਨਾ ਕੁ ਹੈ ਕਿ ਵਿਭਾਗੀ ਮੁਲਾਜ਼ਮ ਵੀ ਉਸ ਪਾਸੇ ਰੱਖ ਕਰਨ ਤੋਂ ਕਈ ਵਾਰੀ ਗੁਰੇਜ਼ ਕਰ ਦਿੰਦੇ ਹਨ।
ਸ੍ਰੀ ਅਨੰਦਪੁਰ ਸਾਹਿਬ ਅੰਦਰ ਧੜੱਲੇ ਨਾਲ ਜਾਰੀ ਹੈ ਨਜਾਇਜ਼ ਖਣਨ



