ਜਲੰਧਰ, 6 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਬੌਟਨੀ ਅਤੇ ਜੁਆਲੋਜੀ ਵਿਭਾਗ ਵਲੋਂ ਵਿਦਿਆਰਥੀਆਂ ਲਈ ਇਕ ਗੈਸਟ ਲੈਕਚਰ ਅਤੇ ਪ੍ਰੈਕਟੀਕਲ ਟ੍ਰੇਨਿੰਗ ਸੈਸ਼ਨ ਕਰਾਇਆ ਗਿਆ, ਜਿਸ ਵਿਚ ਡਾ. ਪਰਵਿੰਦਰ ਕੌਰ ਵੈਟਰਨੀ ਅਫਸਰ ਮੁੱਖ ਰਿਸੋਰਸ ਪਰਸਨ ਵਜੋਂ ਆਏ।
ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਬੌਟਨੀ ਤੇ ਜੁਆਲੋਜੀ ਵਿਭਾਗ ਦੇ ਮੁਖੀ ਪ੍ਰੋ. ਜਸਵਿੰਦਰ ਕੌਰ ਵਲੋਂ ਡਾ. ਪਰਮਿੰਦਰ ਕੌਰ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਡਾ. ਪਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਪੈਰਾਸਾਈਟੌਲੌਜੀ, ਮਲੇਰੀਆ, ਪਸ਼ੂਆਂ ਦੇ ਬਲੱਡ ਸੈਂਪਲ ਲੈਣ ਬਾਰੇ ਤੇ ਉਨ੍ਹਾਂ ਦੀ ਪਰਖ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਡਾ. ਪਰਵਿੰਦਰ ਕੌਰ ਨੇ ਪਸ਼ੂਆਂ ਨੂੰ ਬਿਮਾਰੀਆਂ ਲਾਉਣ ਵਾਲੇ ਕੀਟਾਣੂਆਂ ਬਾਰੇ ਅਤੇ ਪਸ਼ੂਆਂ ਤੋਂ ਇਨਸਾਨ ਨੂੰ ਹੋਣ ਵਾਲੀਆਂ ਬਿਮਾਰੀਆਂ, ਉਨ੍ਹਾਂ ਦੀ ਰੋਕਥਾਮ ਤੇ ਉਪਾਅ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਜਾਣਕਾਰੀ ਵੀ ਵਧੇਰੇ ਹੋਣੀ ਚਾਹੀਦੀ ਹੈ ਤੇ ਅਜਿਹੇ ਲੈਕਚਰਾਂ ਨਾਲ ਬੱਚਿਆਂ ਦੀ ਪ੍ਰੈਕਟੀਕਲ ਜਾਣਕਾਰੀ ਵਿਚ ਢੇਰ ਸਾਰਾ ਵਾਧਾ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਅਜਿਹੇ ਲੈਕਚਰ ਲਾ ਕੇ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਲੈਕਚਰ ਦੌਰਾਨ ਵਿਦਿਆਰਥੀਆਂ ਨੇ ਸਵਾਲ ਜਵਾਬ ਵੀ ਕੀਤੇ। ਸਟੇਜ ਦੀ ਕਾਰਵਾਈ ਡਾ. ਉਪਮਾ ਅਰੋੜਾ ਨੇ ਬਾਖੂਬੀ ਨਿਭਾਈ।
ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ. ਜਸਵਿੰਦਰ ਕੌਰ, ਡਾ. ਗਗਨਦੀਪ ਕੌਰ, ਪ੍ਰੋ. ਅਰੁਣਜੀਤ ਕੌਰ, ਡਾ. ਧਰਮਵੀਰ, ਪ੍ਰੋ. ਗੁਰਜਿੰਦਰ ਕੌਰ, ਪ੍ਰੋ. ਦੇਵੀਕਾ ਅਤੇ ਪ੍ਰੋ. ਕਨਿਕਾ ਵੀ ਹਾਜ਼ਰ ਸਨ।
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਬੌਟਨੀ ਅਤੇ ਜੁਆਲੋਜੀ ਵਿਭਾਗ ਵੱਲੋਂ ਗੈਸਟ ਲੈਕਚਰ



