ਇਸਲਾਮਾਬਾਦ, 27 ਜਨਵਰੀ (ਵਿਸ਼ਵ ਵਾਰਤਾ)-ਪਾਕਿਸਤਾਨ ਵਿਚ ਸਾਲ 2007 ਵਿਚ ਜੱਜਾਂ ਨੂੰ ਨਜ਼ਰਬੰਦ ਕੀਤੇ ਜਾਣ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮਸ਼ੱਰਫ਼ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੂਟ ਦੇ ਦਿੱਤੀ ਹੈ। ਮੁਸ਼ੱਰਫ਼ ਦੇ ਵਕੀਲ ਇਲਿਆਸ ਸਿਦੀਕੀ ਅੱਜ ਅਦਾਲਤ ਵਿਚ ਪੇਸ਼ ਹੋਏ ਅਤੇ ਸਾਬਕਾ ਸੈਨਾ ਮੁਖੀ ਮੁਸ਼ੱਰਫ ਦੀ ਡਾਕਟਰੀ ਰਿਪੋਰਟ ਜਸਟਿਸ ਅਤੀਕੁਰ ਰਹਿਮਾਨ ਨੂੰ ਸੌਂਪੀ। ਰਿਪੋਰਟ ਦੇ ਆਧਾਰ ’ਤੇ ਜਸਟਿਸ ਨੇ 70 ਸਾਲ ਦੇ ਮੁਸ਼ੱਰਫ਼ ਨੂੰ ਅੱਜ ਦੀ ਸੁਣਵਾਈ ਵਿਚ ਪੇਸ਼ ਹੋਣ ਤੋਂ ਛੂਟ ਦੇ ਦਿੱਤੀ। ਇਸ ਤੋਂ ਬਾਅਦ ਸੁਣਵਾਈ 10 ਫਰਵਰੀ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਬੀਤੇ ਦੋ ਜਨਵਰੀ ਨੂੰ ਦਿਲ ਦੇ ਰੋਗ ਸਬੰਧੀ ਪ੍ਰੇਸ਼ਾਨੀ ਤੋਂ ਬਾਅਦ ਮੁਸ਼ੱਰਫ਼ ਨੂੰ
ਰਾਵਲਪਿੰਡੀ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।