ਨਥਾਣਾ, 1 ਫ਼ਰਵਰੀ (ਇੰਦਰਜੀਤ, ਚਰਨਜੀਤ ਨਥਾਣਾ)- ਸ੍ਰੀ ਅਨੰਤ ਅਨਾਥ ਆਸ਼ਰਮ ‘ਚ ਨਵੇਂ ਸਾਲ ਦੀ ਸ਼ੁਰੂਆਤ ਤੇ ਇੱਕ ਜਨਵਰੀ ਤੋਂ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੀ ਲੜੀ ਦੇ ਸਮਾਪਤੀ ਮੌਕੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਕੀਤੀ ਗਿਆ,ਜਿਸ ਵਿੱਚ ਇਲਾਕੇ ਭਰ ਵਿੱਚੋਂ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਵਿਸ਼ੇਸ ਤੌਰ ਤੇ ਐਸ. ਐਸ. ਪੀ. ਵਿਜੀਲੈਂਸ ਬਿਓੂਰ ਪੰਜਾਬ ਬਠਿੰਡਾ ਰੇਂਜ-ਕਮ ਪਬਲਿਕ ਸੂਚਨਾਂ ਅਫ਼ਸਰ ਬਠਿੰਡਾ ਰੇਂਜ ਜਗਜੀਤ ਸਿੰਘ ਭਗਤਾਣਾ ਤੇ ਭੁੱਚੋ ਮੰਡੀ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਪਹੁੰਚੇ। ਇਸ ਮੌਕੇ ਗੁਰਮੁੱਖ ਸਿੰਘ ਦੇ ਕਵੀਸ਼ਰੀ ਜਥੇ,ਜਸਵੀਰ ਸਿੰਘ ਬੱਜੋਆਣਾ ਕਥਾ ਵਾਚਕ, ਸੰਤ ਤਰਨਦਾਸ ਅਤੇ ਸੁਆਮੀ ਰਾਮ ਤੀਰਥ ਜਲਾਲ ,ਰਾਮਾ ਨੰਦ ਨੇ ਗੁਰੂ ਜਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਇਸ ਮੌਕੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ ਜੋ ਲਾਵਾਰਿਸ ਬੱਚਿਆਂ ਦੀ ਸ਼ਾਂਭ ਸੰਭਾਲ ਅਤੇ ਉੁਨ੍ਹਾਂ ਨੂੰ ਸਿਖਿਅਤ ਕਰਨ ਦਾ ਕਾਰਜ ਚੱਲ ਰਿਹਾ ਹੈ,ਉਸ ਵਿੱਚ ਹਰ ਨਾਗਰਿਕ ਨੂੰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਦੇਣਾ ਚਾਹੀਦੀ ਹੈ। ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ ਇੰਤਜ਼ਾਮ ਕੀਤੇ ਹੋਏ ਸਨ। ਇਸ ਮੌਕੇ ਭੁੱਚੋ ਮੰਡੀ ਹਲਕਾ ਵਿਧਾਇਕ ਨੇ ਆਸ਼ਰਮ ਲਈ ਇੱਕ ਲੱਖ ਰੁਪੈ , ਗੋਇਲ ਪ੍ਰੋਪਟੀ ਡੀਲਰ ਬਠਿੰਡਾ ਨੇ 51,000 ਰੁਪੈ,ਚੇਅਰਮੈਨ ਤੇਜਾ ਸਿੰਘ ਨੇ 50,000 ਰੁਪੈ, ਲਹਿਰਾ ਮੁਹਬੱਤ ਵਾਸੀਆਂ ਨੇ 35,500 ਰੁਪੈ, ਕਲਿਆਣ ਮੱਲਕਾ ਵਾਸੀਆਂ ਨੇ 21,000 ਰੁਪੈ, ਕ੍ਰਿਸ਼ਨ ਕੁਮਾਰ ਬਾਂਸਲ ਨੇ 11000 ਇੱਟ ਤੇ ਹੋਰ ਕਈ ਦਾਨੀ ਸੱਜਣਾਂ ਨੇ ਦਾਨ ਦਿੱਤਾ। ਇਸ ਮੌਕੇ ਆਸ਼ਰਮ ਕਮੇਟੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਂਸਲ , ਸੰਤ ਤਰਨ ਦਾਸ, ਹਰਨੇਕ ਸਿੰਘ ਖਜ਼ਾਨਚੀ, ਜੋਗਿੰਦਰ ਸਿੰਘ ਕਾਕਾ ਸੈਕਟਰੀ, ਮਨੇਜਰ ਆਰਤੀ ਸ਼ਰਮਾਂ , ਕ੍ਰਿਸ਼ਨ ਲਾਲ ਤੇ ਹੋਰ ਕਮੇਟੀ ਮੈਂਬਰਾਂ ਨੇ ਦਾਨੀ ਸੱਜਣਾਂ ਅਤੇ ਅੱਜ ਦੇ ਇਸ ਸਮਾਗਮ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਦਾ ਆਸ਼ਰਮ ਵਿੱਚ ਆਉਣ ਤੇ ਧੰਨਵਾਦ ਕੀਤਾ।
ਸ੍ਰੀ ਅਨੰਤ ਅਨਾਥ ਆਸ਼ਰਮ ਨਥਾਣਾ ’ਚ ਪਾਠ ਦੇ ਭੋਗ ਪਾਏ



