ਅਮਰਗੜ੍ਹ, 31 ਜਨਵਰੀ (ਸੁਖਵਿੰਦਰ ਸਿੰਘ ਅਟਵਾਲ)-ਪੰਜਾਬੀ ਫ਼ਿਲਮ ਇੰਡਸਟਰੀ ’ਚ ਇੱਕ ਵੱਖਰੀ ਪਹਿਚਾਣ ਰੱਖਣ ਵਾਲੇ ਹਰਫ਼ਨਮੌਲਾ ਕਲਾਕਾਰ ਅਤੇ ਇਲਾਕੇ ਦੀ ਮਾਣਮੱਤੀ ਸਖ਼ਸੀਅਤ ਹੌਬੀ ਧਾਲੀਵਾਲ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਵੱਲੋਂ ਆਪਣੀ ਜਨਮ ਭੂਮੀ ਪਿੰਡ ਚਪੜੌਦਾ ਵਿਖੇ ਸਿਹਤ ਮੇਲੇ ਦੇ ਰੂਪ ਵਿੱਚ ਇੱਕ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।’ਪੰਜਾਬ ਟਾਇਮਜ਼’ ਨਾਲ ਵਿਸੇਸ਼ ਗੱਲਬਾਤ ਕਰਦਿਆਂ ਹੌਬੀ ਧਾਲੀਵਾਲ ਨੇਂ ਦੱਸਿਆ ਕਿ ਉਹ ਇਲਾਕੇ ਦੇ ਪਿੰਡ ਦੀਆਂ ਸੱਥਾਂ ਵਿੱਚ ਪਹੁੰਚਕੇ ਖ਼ੁਦ ਲੋਕਾਂ ਨੂੰ ਅਪੀਲ ਕਰਨਗੇ ਕਿ ਉਹ ਇਸ ਕੈਂਪ ਵਿੱਚ ਪਹੁੰਚਕੇ ਆਪਣੀ ਸਿਹਤ ਨੂੰ ਤੰਦਰੁਸਤ ਅਤੇ ਨਿਰੋਗ ਰੱਖਣ ਲਈ ਆਪਣੇ ਸਰੀਰ ਦੀ ਜਾਂਚ ਜ਼ਰੂਰ ਕਰਵਾਉਣ।ਉਨ੍ਹਾਂ ਕਿਹਾ ਕਿ ਪੰਜਾਬ ਦਾ ਹਵਾ, ਪਾਣੀ ਦੂਸ਼ਿਤ ਹੋਣ ਕਾਰਨ ਅਤੇ ਖ਼ਾਦ-ਖ਼ੁਰਾਕਾਂ ਵਿੱਚ ਮਿਲਾਵਟ ਹੋਣ ਕਰਕੇ ਪੰਜਾਬ ਕੈਂਸਰ ਵਰਗੀ ਨਾਂਮੁਰਾਦ ਬਿਮਾਰੀਆਂ ਦੀ ਲਪੇਟ ਵਿੱਚ ਆ ਚੁੱਕਾ ਹੈ।ਮਾਲਵਾ ਪੱਟੀ ’ਚੋਂ ਬੀਕਾਨੇਰ ਕੈਂਸਰ ਹਸਪਤਾਲ ਲਈ ਪੂਰੇ ਪੰਜਾਬ ਵਿੱਚੋਂ ਟ੍ਰੇਨਾਂ ਭਰ-ਭਰਕੇ ਜਾ ਰਹੀਆਂ ਹਨ।ਸੋ ਅਜਿਹੇ ਵਿੱਚ ਕੈਂਸਰ ਪ੍ਰਤੀ ਜਾਗਰੂਕਤਾ ਅਤੇ ਸਹੀ ਸਮੇਂ ’ਤੇ ਸਹੀ ਇਲਾਜ ਨਾਲ ਬਹੁਤ ਸਾਰੀਆਂ ਕੀਮਤੀ ਜਾਂਨਾਂ ਬਚਾਈਆਂ ਜਾ ਸਕਦੀਆਂ ਹਨ।ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਕੈਂਪ ਵਿੱਚ ਪਹੁੰਚਕੇ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਵੱਡੇ-ਵੱਡੇ ਲੰਗਰ ਲਗਾਉਣ ਨਾਲੋਂ ਅਜਿਹੇ ਉਪਰਾਲਿਆਂ ਦੀ ਜਿਆਦਾ ਲੋੜ ਹੈ।ਇਸ ਮੌਕੇ ਉਨ੍ਹਾਂ ਵਰਲਡ ਕੈਂਸਰ ਕੇਅਰ ਦੇ ਇਸ ਕਾਰਜ ਦੀ ਸਲਾਘਾ ਕਰਦਿਆਂ ਸਾਰਿਆਂ ਦੇ ਸਹਿਯੋਗ ਨਾਲ ਕੈਂਸਰ ਰੋਕੋ ਮੁਹਿੰਮ ਚਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਵਰਲਡ ਕੈਂਸਰ ਕੇਅਰ ਵੱਲੋਂ 9 ਨੂੰ ਪਿੰਡ ਚਪੜੌਦਾ ਵਿਖੇ ਵਿਸ਼ਾਲ ਕੈਂਪ



