Skip to content
Independent perspectives. Global stories.
BREAKING

ਚੰਡੀਗੜ ਨੇੜੇ ਪੰਜਾਬ ਦੀ ਬੇਸ਼ਕੀਮਤੀ ਜ਼ਮੀਨ ਉਤੇ ਪੈਣ ਲੱਗਾ ਡਾਕਾ : ਸੁਖਪਾਲ ਖਹਿਰਾ

Share this story

ਮੁੱਖ ਮੰਤਰੀ ‘ਤੇ ਲਾਇਆ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਤੋੜਨ ਦਾ ਇਲਜ਼ਾਮ

ਚੰਡੀਗੜ – (ਮਨਜੀਤ ਸਿੰਘ ਟਿਵਾਣਾ) : ਆਮ ਆਦਮੀ ਪਾਰਟੀ ਦੇ ਤੇਜ਼ ਤਰਾਰ ਨੇਤਾ ਤੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੇ ਨਜ਼ਦੀਕੀਆਂ ‘ਤੇ ਨਿਸ਼ਾਨਾ ਸਾਧਦਿਆਂ ਚੰਡੀਗੜ ਦੇ ਨਾਲ ਲਗਦੀ ਪੀਐਲਪੀਏ (ਪੰਜਾਬ ਲੈਂਡ ਪਰਜ਼ੇਵੇਸ਼ਨ ਐਕਟ) ਵਾਲੀ ਜ਼ਮੀਨ ਨੂੰ ਉਕਤ ਐਕਟ ਦੀ ਆੜ ਹੇਠ ਹੀ ਕੌਡੀਆਂ ਦੇ ਭਾਅ ਖਰੀਦਣ ਤੇ ਮੁੜ ਵੇਚਣ ਦੇ ਗੋਰਖਧੰਦੇ ਬਾਰੇ ਗੰਭੀਰ ਸਵਾਲ ਉਠਾਏ ਹਨ। ਸ. ਖਹਿਰਾ ਨੇ ਪੱਤਰਕਾਰਾਂ ਨੂੰ ਇਸ ਬਾਬਤ ਇਕ ਪੱਤਰ ਵੀ ਦਿਖਾਇਆ ਜਿਸ ਵਿਚ ਉਨਾਂ ਨੇ ਇਸ ਕਥਿਤ ਘਪਲੇ ਬਾਰੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਵੀ ਲਿਖਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਾਇਆ ਕਿ ਉਨਾਂ ਨੇ ਸੰਵਿਧਾਨ ਅਨੂਸਾਰ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਤੋੜੀ ਹੈ ਕਿਉਂਕਿ ਚੰਡੀਗੜ ਨੇੜੇ ਦੀ ਪੰਜਾਬ ਦੀ ਜ਼ਮੀਨ ‘ਤੇ ਲੱਗੇ ਪੈਰੀਫੇਰੀ ਐਕਟ ਦੀ ਆਉਂਦੀ ਤਿੰਨ ਫਰਵਰੀ ਨੂੰ ਖਤਮ ਹੋਣ ਜਾ ਰਹੀ ਮਿਆਦ ਅੱਗੇ ਹੋਰ ਨਾ ਵਧਾਉਣ ਦੀਆਂ ਖਬਰਾਂ ਮੀਡੀਆ ਚ ਲੀਕ ਹੋਈਆਂ ਹਨ। ਪੁਦ ਮੁੱਖ ਮੰਤਰੀ ਨੇ ਲੰਘੀ ਤਿੰਨ ਜਨਵਰੀ ਨੂੰ ਹੀ ਇਸ ਖੰਤਰ ਵਿਚ ਪੈੱਦੀ ਪਿੰਡ ਪੱਲਣਪੁਰ (ਸਿਸਵਾਂ) ਵਿਖੇ ਖਰੀਦੀ ਹੈ, ਜਿਸ ਬਾਰੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨਵੀਨ ਠੁਕਰਾਲ ਦਾ ਕਹਿਣਾ ਹੈ ਕਿ ਇਹ ਜ਼ਮੀਨ ਅਮਰਿੰਦਰ ਸਿੰਘ ਨੇ ਚੰਡੀਗੜ ਦੇ ਨੇੜੇ ਹੋਣ ਕਰਕੇ ਘਰ ਬਣਾਉਣ ਵਾਸਤੇ ਖਰੀਦੀ ਹੈ। ਸ. ਖਹਿਰਾ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਕਿਉਂਕਿ ਜੇਕਰ ਸਰਕਾਰ ਦੀ ਮਨਸ਼ਾ ਉਕਤ ਐਕਟ ਨੂੰ ਹਟਾ ਲੈਣ ਦੀ ਹੈ ਤਾਂ ਇਸ ਜ਼ਮੀਨ ਦੇ ਭਾਅ ਇਕਦਮ ਦਸ ਗੁਣਾਂ ਤਕ ਵਧ ਜਾਣ ਦੀ ਉਮੀਦ ਹੈ। ਇਸ ਕਰਕੇ ਮੁੱਖ ਮੰਤਰੀ ਦੁਆਰਾ ਇਸ ਖੇਤਰ ਵਿਚ ਘਰ ਬਣਾਉਣ ਲਹੀ ਹੁਣੇ ਹੁਣੇ ਖਰੀਦ ਕੀਤੀ ਜ਼ਮੀਨ ਦਾ ਮਾਮਲਾ ਬਹੁਤ ਸਾਰੇ ਖਦਸ਼ਿਆਂ ਨੂੰ ਜਨਮ ਦਿੰਦਾ ਹੈ। ਹਾਲ ਦੀ ਘੜੀ ਇਥੇ ਪੀਐਲਪੀਏ ਲਾਗੂ ਹੋਣ ਕਰਕੇ ਉਸਾਰੀ ਦਾ ਕੰਮ ਨਹੀਂ ਹੋ ਸਕਦਾ, ਇਸ ਕਰਕੇ ਘਰ ਬਣਾਉਣ ਵਾਸਤੇ ਜ਼ਮੀਨ ਖਰੀਦਣ ਦਾ ਸਾਫ ਮਤਲਬ ਹੈ ਕਿ ਸਰਕਾਰ ਇਥੋਂ ਪੀਐਲਪੀਏ ਹਟਾਉਣ ਜਾ ਰਹੀ ਹੈ। ਸ. ਖਹਿਰਾ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਕਿ ਮੁੱਖ ਮੰਤਰੀ ਦੇ ਨਜ਼ਦੀਕੀ ਹੋਰ ਲੋਕਾਂ ਨੇ ਵੀ ਇਸ ਖੇਤਰ ਵਿਚ ਹਾਲ ਹੀ ਚ ਜ਼ਮੀਨ ਖਰੀਦੇ ਜਾਣ ਦੀ ਪੂਰੀ ਸੰਭਾਵਨਾ ਹੈ, ਇਸ ਕਰਕੇ ਪੰਜਾਬ ਸਰਕਾਰ ਨੂੰ ਇਸ ਇਲਾਕੇ ਵਿਚ ਪਿਛਲੇ ਤਿੰਨ ਮਹੀਨੇ ਦੌਰਾਨ ਖਰੀਦ ਕੀਤੀ ਗਈ ਜ਼ਮੀਨ ਬਾਰੇ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਇਲਾਕੇ ਦੀ ਕੁਦਰਤੀ ਸੁੰਦਰਤਾ ਨੂੰ ਕਾਇਮ ਰੱਖਣ, ਜੰਗਲੀ ਖੇਤਰ ਦੀ ਸੁਰੱਖਿਆ ਅਤੇ ਕੁਦਰਤੀ ਵਾਤਾਵਰਣ ਨੂੰ ਬਚਾ ਕੇ ਰੱਖਣਦੇ ਲਿਹਾਜ਼ ਨਾਲ ਹੀ ਇਹ ਐਕਟ ਅੰਗਰੇਜਾਂ ਦੇ ਸਮੇਂ ਤੋਂ ਲਾਗੂ ਹੈ। ਇਸ ਐਕਟ ਦੇ ਨਾ ਰਹਿਣ ਕਰਕੇ ਇਥੇ ਕੰਕਰੀਟ ਦਾ ਜੰਗਲ ਬਣ ਜਾਵੇਗਾ ਜੋ ਚੰਡੀਗੜ ਤੇ ਨਿਊ ਚੰਡੀਗੜ ਵਰਗੇ ਸ਼ਹਿਰਾਂ ਦੀ ਖੂਬਸੂਰਤੀ ਲਈ ਵੀ ਮਾਰੂ ਸਾਬਤ ਹੋਵੇਗਾ। ਇਸ ਮੌਕੇ ਉਨਾਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਅਤੇ ਨਿਹਾਲ ਸਿੰਘਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੀ ਹਾਜ਼ਰ ਸਨ।

WRITTEN BY