April 29, 2026 12:40 pm

ਬਾਦਲ ਵੱਲੋਂ ਪੋਲੈਂਡ ਦੇ ਖੇਤੀ ਮਾਹਿਰਾਂ ਅਤੇ ਕਿਸਾਨਾਂ ਨੂੰ ਖੇਤੀ ਸੰਮੇਲਨ ਵਿੱਚ ਹਿੱਸਾ ਲੈਣ ਦਾ ਸੱਦਾ

image ਚੰਡੀਗੜ੍ਹ, 23 ਜਨਵਰੀ (ਵਿਸ਼ਵ ਵਾਰਤਾ) : ਪੋਲੈਂਡ ਦੇ ਰਾਜਦੂਤ ਪ੍ਰੋਫ਼ੈਸਰ ਪਿਓਟਰ ਕੋਡਕੋਵਸਕੀ ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਪਿਛਲੀ ਸ਼ਾਮ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲੇ ਅਤੇ ਪੰਜਾਬ ਨਾਲ ਮਿਲ ਕੇ ਖੇਤੀ ਖੇਤਰ ਦੀਆਂ ਸਰਗਰਮੀਆਂ ਸ਼ੁਰੂ ਕਰਨ ਵਿੱਚ ਭਾਰੀ ਦਿਲਚਸਪੀ ਦਿਖਾਈ।ਸਰਕਾਰੀ ਟੀਮ ਅਤੇ ਸੀ.ਆਈ.ਆਈ. ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਦੇ ਨਾਲ ਆਏ ਪ੍ਰੋਫ਼ੈਸਰ ਕੋਡਕੋਵਸਕੀ ਨੇ ਬਾਗਬਾਨੀ, ਫੂਡ ਪ੍ਰਾਸੈਸਿੰਗ ਅਤੇ ਵਪਾਰ ਵਰਗੇ ਖੇਤਰਾਂ ਵਿੱਚ ਰਾਜ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਪੋਲੈਂਡ ਦੇ ਭਾਰਤ ਨਾਲ 60 ਸਾਲਾਂ ਤੋਂ ਨਿੱਘੇ ਰਿਸ਼ਤੇ ਹਨ ਅਤੇ ਹੁਣ ਉਹ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ। ਸੂਬੇ ਵਿੱਚ ਉਦਯੋਗੀਕਰਨ ਨੂੰ

ਹੁਲਾਰਾ ਦੇਣ ਲਈ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਪੋਲੈਂਡ ਦੇ ਰਾਜਦੂਤ ਨੇ ਦੋਵਾਂ ਦੇਸ਼ਾਂ ਵਿੱਚ ਆਪਸੀ ਹਿੱਤਾਂ ਦੇ ਨਵੇਂ ਉਦਮ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਦੀ ਪੇਸ਼ਕਸ਼ ਕੀਤੀ।ਮੁੱਖ ਮੰਤਰੀ ਨੇ ਖੇਤੀਬਾੜੀ ਅਤੇ ਐਗਰੋ ਪ੍ਰਾਸੈਸਿੰਗ ਸੈਕਟਰ ਵਿੱਚ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਅਸਰਦਾਰ ਅਤੇ ਗੰਭੀਰ ਸਹਿਯੋਗ ਦੀ ਇੱਛਾ ਜਿਤਾਈ। ਸ. ਬਾਦਲ ਨੇ ਪੋਲੈਂਡ ਦੇ ਰਾਜਦੂਤ ਨੂੰ ਦੱਸਿਆ ਕਿ ਪੰਜਾਬ ਦਾ ਅਰਥਚਾਰਾ ਮੁਢਲੇ ਤੌਰ ‘ਤੇ ਪੋਲੈਂਡ ਵਾਂਗ ਖੇਤੀ ਅਧਾਰਤ ਹੈ ਅਤੇ ਰਾਜ ਸਰਕਾਰ ਅਗਲੇ ਮਹੀਨੇ ਅੰਤਰ ਰਾਸ਼ਟਰੀ ਪੱਧਰ ਦਾ ਖੇਤੀਬਾੜੀ ਸੰਮੇਲਨ ਆਯੋਜਿਤ ਕਰਵਾ ਰਹੀ ਹੈ ਜਿਸ ਦਾ ਉਦੇਸ਼ ਰਾਜ ਦੀ ਖੇਤੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਨਵੇਂ ਰਾਹ ਕੱਢਣਾ ਹੈ। ਸ. ਬਾਦਲ ਨੇ ਉਨ੍ਹਾਂ ਨੂੰ ਸੰਮੇਲਨ ਵਿੱਚ ਹਿੱਸਾ ਲੈਣ ਲਈ ਕਿਸਾਨਾਂ ਅਤੇ ਮਾਹਿਰਾਂ ਦਾ ਵਫ਼ਦ ਭੇਜਣ ਦਾ ਸੱਦਾ ਦਿੱਤਾ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਉਦਯੋਗ ਅਤੇ ਕਾਮਰਸ ਸ਼੍ਰੀ ਕਰਨ ਅਵਤਾਰ ਸਿੰਘ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ਼੍ਰੀ ਕੇ.ਜੇ.ਐਸ. ਚੀਮਾ ਅਤੇ ਸੀ.ਆਈ.ਆਈ. ਦੇ ਨੁਮਾਇੰਦੇ ਸ਼ਾਮਲ ਸਨ।

Send this to a friend