ਫਰੀਦਕੋਟ, 11 ਜਨਵਰੀ (ਗੁਰਜੀਤ ਰੋਮਾਣਾ, ਪਰਵਿੰਦਰ ਕੰਧਾਰੀ)- ਨਮੂਨਾ ਪ੍ਰਸ਼ਨ ਪਤਰ ਵੀ ਜ਼ਾਰੀ ਕਰਨ ਦੀ ਮੰਗ ਪੰਜਾਬ ਸਕੂਲ ਸਿਖਿਆ ਬੋਰਡ ਨੇ ਆਖਿਰ ਸਲਾਨਾ ਪ੍ਰੀਖਿਆਵਾਂ ਮਾਰਚ 2018 ਨੂੰ ਦੇਖਦੇ ਹੋਏ ਬਾਰਵੀਂ ਸ੍ਰੇਣੀ ਦੇ ਭੂਗੋਲ ਵਿਸ਼ੇ ਦੀ ਪੁਸਤਕ ਨਵੇਂ ਪਾਠਕ੍ਰਮ ਅਨੁਸਾਰ ਜ਼ਾਰੀ ਕਰ ਦਿਤੀ ਹੈ। ਬੋਰਡ ਵਲੋਂ ਬਹੁਤ ਸਾਰੇ ਖ਼ੇਤਰੀ ਦਫ਼ਤਰ ਬੰਦ ਕਰਨ ਕਰਕੇ ਬਹੁਤੇ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਦੀ ਪਹੁੰਚ ਤੋਂ ਅਜੇ ਵੀ ਦੂਰ ਹੈ, ਜਦੋਂ ਕਿ ਇਮਤਿਹਾਨ ਬਹੁਤ ਨੇੜੇ ਹੈ।ਜੌਗਰਫ਼ੀ ਪੋਸਟ ਗ੍ਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸ਼ੈਸ਼ਨ 2017-18 ਦੇ ਸ਼ੁਰੂ ਤੋਂ ਹੀ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਜੋ ਨਵਾਂ ਸਿਲੇਬਸ ਬਾਰਵੀਂ ਸ੍ਰੇਣੀ ਦੇ ਭੂਗੋਲ ਵਿਸ਼ੇ ਦਾ 90 ਪ੍ਰਤੀਸ਼ਤ ਤਬਦੀਲ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਦੇ ਮਾਨਸਿਕ ਪਧਰ ਦਾ ਨਹੀਂ ਹੈ, ਉਸ ਵਿਚ ਸੋਧ ਕਰਕੇ ਪੁਸਤਕ ਜ਼ਲਦੀ ਤੋਂ ਜ਼ਲਦੀ ਵਿਦਿਆਰਥੀਆਂ ਕੋਲ ਪੁਜਦੀ ਕੀਤੀ ਜਾਵੇ।ਜਥੇਬੰਦੀਆਂ ਦੇ ਆਗੂਆਂ ਪ੍ਰਧਾਨ ਸੁਖਜਿੰਦਰ ਸਿੰਘ ਸੁਖੀ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਾਨ ਸੰਗਰੂਰ, ਮੀਤ ਪ੍ਰਧਾਨ ਨਿਰੇਸ਼ ਸਲੂਜਾ ਸ੍ਰੀ ਮੁਕਤਸਰ ਸਾਹਿਬ, ਜਨਰਲ ਸਕਤਰ ਦਿਲਬਾਗ ਸਿੰਘ ਲਾਪਰਾ ਲੁਧਿਆਣਾ, ਸਕਤਰ ਸਮਸ਼ੇਰ ਸਿੰਘ ਸ਼ੈਰੀ ਫ਼ਰੀਦਕੋਟ, ਪ੍ਰੇਮ ਕੁਮਾਰ ਤੇ ਪ੍ਰੈਸ ਸਕਤਰ ਪਰਮਜੀਤ ਸਿੰਘ ਸੰਧੂ ਕੋਟਕਪੂਰਾ, ਮੈਡਮ ਪ੍ਰਮਜੀਤ ਕੌਰ ਅਤੇ ਸ਼ੰਕਰ ਲਾਲ ਬਠਿੰਡਾ, ਬਲਕਾਰ ਸਿੰਘ ਅਤੇ ਮੈਡਮ ਨਸ਼ਿੰਦਰਜੀਤ ਕੌਰ ਪਟਿਆਲਾ, ਭਰਪੂਰ ਸਿੰਘ ਫ਼ਤਿਹਗੜ੍ਹ ਸਾਹਿਬ, ਮੈਡਮ ਹਰਪ੍ਰੀਤ ਕੌਰ ਮੁਹਾਲੀ, ਅਬਦਰ ਰਸ਼ੀਦ ਹਾਂਡਾ ਰੋਪੜ ਅਤੇ ਮਹਿੰਦਰ ਸਿੰਘ ਬਰਾੜ ਮੋਗਾ ਆਦਿ ਵਲੋਂ ਮੁਖ ਮੰਤਰੀ ਪੰਜਾਬ, ਸਿਖਿਆ ਮੰਤਰੀ ਪੰਜਾਬ, ਸਕਤਰ ਸਕੂਲ ਸਿਖਿਆ ਪੰਜਾਬ ਸਰਕਾਰ ਨੂੰ ਪਤਰ ਲਿਖ ਕੇ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਅਤੇ ਬੋਰਡ ਦੇ ਉਚ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਵਿਚ ਉਕਤ ਮੰਗ ਮੁਖ ਮੁਦਾ ਰਹੀ।ਜਥੇਬੰਦੀ ਦੇ ਆਗੂਆਂ ਨੇ ਬੋਰਡ ਦੇ ਚੇਅਰਮੈਨ ਅਤੇ ਹੋਰ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬੋਰਡ ਵਲੋਂ ਭੂਗੋਲ ਵਿਸ਼ੇ ਦੇ ਬਾਰਵੀਂ ਸ੍ਰੇਣੀ ਦਾ ਨਮੂਨਾ ਪ੍ਰਸ਼ਨ ਪਤਰ ਜਲਦੀ ਜ਼ਾਰੀ ਕਰਕੇ ਪੰਜਾਬ ਦੇ ਵਿਦਿਆਰਥੀਆਂ ਤਕ ਪੁਜਦੇ ਕੀਤੇ ਜਾਣ ਅਤੇ ਵਿਦਿਆਰਥੀਆਂ ਨੂੰ ਬੋਰਡ ਦੇ ਦਫ਼ਤਰਾਂ ਤੋਂ ਸਿਧੇ ਤੌਰ ‘ਤੇ ਕਿਤਾਬਾਂ ਖ੍ਰੀਦਣ ਦੀ ਇਜ਼ਾਜ਼ਤ ਦਿਤੀ ਜਾਵੇ। ਜਥੇਬੰਦੀ ਦੇ ਆਗੂਆਂ ਨੇ ਇਹ ਵੀ ਦਸਿਆ ਕਿ ਸਾਲ 2018-19 ਦੇ ਭੂਗੋਲ ਵਿਸ਼ੇ ਦੇ 12ਵੀਂ ਸ੍ਰੇਣੀ ਦੇ ਸਿਲੇਬਸ ਵਿਚ ਸੋਧ ਕਰਨ ਲਈ ਸਿਖਿਆ ਵਿਭਾਗ ਪੰਜਾਬ ਦੇ ਉਚ ਅਧਿਕਾਰੀਆਂ ਅਤੇ ਬੋਰਡ ਦੇ ਚੇਅਰਮੈਨ ਨੂੰ ਜਲਦੀ ਹੀ ਮੰਗ ਪਤਰ ਭੇਜੇ ਜਾਣਗੇ।
ਆਖਿਰ ਬੋਰਡ ਨੇ ਭੂਗੋਲ ਦੀ ਬਾਰਵੀਂ ਸ਼੍ਰੇਣੀ ਦੀ ਪੁਸਤਕ ਛਾਪੀ



