ਸ੍ਰੀ ਮੁਕਤਸਰ ਸਾਹਿਬ – 40 ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਮੇਲਾ ਮਾਘੀ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ਤੇ ਪਿੰਡ ਵੜਿੰਗ ਵਿਖੇ ਬਣੇ ਟੋਲ ਪਲਾਜਾ ਤੇ ਟੋਲ ਟੈਕਸ ਨਹੀਂ ਦੇਣਾ ਪਵੇਗਾ। ਮੇਲਾ ਮਾਘੀ ਤੇ ਆਉਣ ਵਾਲੇ ਸ਼ਰਧਾਲੂਆਂ ਤੋਂ 13 ਅਤੇ 14 ਜਨਵਰੀ ਨੂੰ ਪਲਾਜਾ ਤੇ ਕੋਈ ਵੀ ਪਰਚੀ ਨਹੀਂ ਲਈ ਜਾਵੇਗੀ। ਇਹ ਜਾਣਕਾਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਆਪਣੇ ਘਰ ਟੋਲ ਪਲਾਜਾ ਦੇ ਮੈਨੇਜਰ ਸਚਿਨ ਕਾਂਸਲ ਨਾਲ ਇਸ ਸਬੰਧੀ ਮੀਟਿੰਗ ਵਿੱਚ ਫੈਸਲਾ ਹੋਣ ਉਪਰੰਤ ਦਿੱਤੀ। ਜ਼ਿਕਰਯੋਗ ਹੈ ਕਿ ਹਨੀ ਫੱਤਣਵਾਲਾ ਵੱਲੋਂ ਆਪਣੇ ਸਾਥੀਆਂ ਸਮੇਤ ਪਿੰਡ ਵੜਿੰਗ ਵਿਖੇ ਚੱਲ ਰਹੇ ਟੋਲ ਪਲਾਜਾ ’ਤੇ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਵਿਚ ਉਨ੍ਹਾਂ ਨੇ ਟੋਲ ਪਲਾਜਾ ਨੂੰ ਬੰਦ ਕਰਨ ਅਤੇ ਗੁੰਡਾ ਪਰਚੀ ਬੰਦ ਕਰਨ ਦੀ ਮੰਗ ਕੀਤੀ ਸੀ। ਉਸ ਸਮੇਂ ਮੈਨੇਜਰ ਸਚਿਨ ਕਾਂਸਲ ਨੇ ਉਨ੍ਹਾਂ ਨਾਲ ਮੀਟਿੰਗ ਕਰਕੇ ਮਾਕੂਲ ਹੱਲ ਕੱਢਣ ਦਾ ਭਰੋਸਾ ਦਿੱਤਾ ਸੀ। ਬੀਤੀ ਸ਼ਾਮ ਨੂੰ ਟੋਲ ਪਲਾਜਾ ਦੇ ਮੈਨੇਜਰ ਸਚਿਨ ਕਾਂਸਲ ਕੋਟਕਪੂਰਾ ਰੋਡ ਸਥਿਤ ਹਨੀ ਫੱਤਣਵਾਲਾ ਦੇ ਘਰ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਕਿ 13 ਅਤੇ 14 ਜਨਵਰੀ ਨੂੰ ਟੋਲ ਪਲਾਜਾ ਤੇ ਸ਼ਰਧਾਲੂਆਂ ਨੂੰ ਨਹੀਂ ਰੋਕਿਆ ਜਾਵੇਗਾ ਅਤੇ ਨਾ ਹੀ ਟੋਲ ਟੈਕਸ ਵਸੂਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਾਕੀ ਰਹਿੰਦੀਆਂ ਮੰਗਾਂ ਸਬੰਧੀ 10 ਦਿਨ ਬਾਅਦ ਇੱਕ ਵਿਸੇਸ਼ ਮੀਟਿੰਗ ਸ਼ਹਿਰੀਆਂ ਨਾਲ ਕੀਤੀ ਜਾਵੇਗੀ ਅਤੇ ਉਸ ਵਿੱਚ ਸਾਰਿਆਂ ਦੀ ਰਾਇ ਨਾਲ ਫੈਸਲਾ ਲਿਆ ਜਾਵੇਗਾ। ਹਨੀ ਫੱਤਣਵਾਲਾ ਨੇ ਟੋਲ ਪਲਾਜਾ ਵਾਲਿਆਂ ਤੋਂ ਸਬੰਧਤ ਕਾਗਜਾਤਾਂ ਦੀ ਮੰਗ ਕੀਤੀ, ਜਿਸ ਤੇ ਮੈਨੇਜਰ ਸਚਿਨ ਕਾਂਸਲ ਨੇ ਕਿਹਾ ਕਿ ਆਉਣ ਵਾਲੀ ਮੀਟਿੰਗ ਵਿੱਚ ਪੂਰੇ ਸਬੂਤ ਦਿਖਾ ਕੇ ਗੱਲ ਕੀਤੀ ਜਾਵੇਗੀ। ਹਨੀ ਫੱਤਣਵਾਲਾ ਨੇ ਕਿਹਾ ਕਿ ਉਹ ਇਸ ਟੋਲ ਪਲਾਜਾ ਨੂੰ ਬੰਦ ਕਰਵਾ ਕੇ ਹੀ ਹਟਣਗੇ। ਕਿਉਂਕਿ ਉਹ ਹਲਕੇ ਵਿਚ ਅਜਿਹੇ ਨਜ਼ਾਇਜ਼ ਕੰਮ ਨਹੀਂ ਹੋਣ ਦੇਣਗੇ। ਇਸ ਲਈ ਚਾਹੇ ਕਿਸੇ ਵੀ ਪੱਧਰ ’ਤੇ ਸੰਘਰਸ਼ ਕਿਉਂ ਨਾ ਕਰਨਾ ਪਵੇ। ਇਸ ਮੌਕੇ ਇਕਬਾਲ ਸੰਗੂਧੌਣ, ਕਰਮਜੀਤ ਕਰਮਾ, ਮਿੰਟੂ ਕੰਗ, ਗੁਰਦਰਸ਼ਨ ਸੰਧੂ, ਵਿਸ਼ਾਲ ਖੁਰਾਣਾ, ਲਾਲ ਗਰੇਵਾਲ, ਬਲਕਾਰ ਸਿੰਘ, ਗੁਰਪ੍ਰੀਤ ਬਰਾੜ, ਨਰਿੰਦਰ ਬਾਂਸਲ, ਸੁਰਿੰਦਰ ਜੱਸੇਆਣਾ, ਟਿੰਮੀ ਬਰਾੜ, ਭੋਮਾ ਥਾਂਦੇਵਾਲਾ ਆਦਿ ਮੌਜੂਦ ਸਨ।
ਮੇਲਾ ਮਾਘੀ ’ਤੇ ਸ਼ਰਧਾਲੂਆਂ ਨੂੰ ਨਹੀਂ ਲੱਗੇਗਾ ਟੋਲ ਟੈਕਸ : ਹਨੀ ਫੱਤਣਵਾਲਾ



