ਮਾਨਸਾ, 7 ਜਨਵਰੀ (ਵਿਪਨ ਗੋਇਲ)- ਮੁੱਖ ਮੰਤਰੀ ਦੇ ਕਰਜ਼ਾ ਮੁਆਫ਼ੀ ਸਮਾਗਮ ਦਾ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰ ਰਹੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸਮੇਤ ਅਮਨ ਅਰੋੜਾ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਬੁੱਧਰਾਮ ਤੇ ਜਗਦੇਵ ਸਿੰਘ ਕਮਾਲੂ ਤੋਂ ਇਲਾਵਾ ਹੋਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ। ਘੰਟਾ ਭਰ ਥਾਣਾ ਜੋਗਾ ਵਿਖੇ ਰੱਖਣ ਤੋਂ ਬਾਅਦ ਛੱਡ ਦਿੱਤਾ। ਸਥਾਨਕ ਅਰਵਿੰਦ ਨਗਰ ਵਿਖੇ ਸਵੇਰ ਸਮੇਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਆਪ ਵਿਧਾਇਕ ਤੇ ਵਰਕਰ ਇਕੱਠੇ ਹੋਏ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਕਰਜ਼ਾ ਮੁਆਫੀ ਸਬੰਧੀ ਸਮਾਗਮ ਇੱਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਪੁੱਜਣ ਲਈ ਹੈਲੀਕਾਪਟਰ ਦੀ ਵਰਤੋਂ, ਗਾਇਕਾਂ ਦੇ ਪ੍ਰੋਗਰਾਮ ਕਰਵਾਉਣ ਅਤੇ ਬੇਲੋੜੇ ਪ੍ਰਬੰਧਾਂ ’ਤੇ ਕਰੋੜਾਂ ਰੁਪਏ ਦਾ ਫਾਲਤੂ ਖਰਚ ਕੀਤਾ ਗਿਆ ਹੈ। ਇਸ ਮੌਕੇ ਹਲਕਾ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ, ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਮੌੜ ਜਗਦੇਵ ਸਿੰਘ ਕਮਾਲੂ ਅਤੇ ਵਿਧਾਇਕ ਭਦੌੜ ਪਿਰਮਲ ਸਿੰਘ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਰਗੁਜਾਰੀ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਠਿੰਡਾ ਜੋਨ ਇੰਚਾਰਜ ਅਨਿਲ ਠਾਕੁਰ, ਜ਼ਿਲ੍ਹਾ ਪ੍ਰਧਾਨ ਮਾਨਸਾ ਗੁਰਵਿੰਦਰ ਸਿੰਘ ਖੱਤਰੀਵਾਲਾ, ਸੁਭਾਸ਼ ਨਾਗਪਾਲ,ਨਾਇਬ ਸਿੰਘ ਝੁਨੀਰ, ਗੁਰਪ੍ਰੀਤ ਸਿੰਘ ਭੁੱਚਰ,ਬਲਦੇਵ ਸਿੰਘ ਰਾਠੀ, ਜਸਪਾਲ ਸਿੰਘ, ਦੀਪਕ ਬਾਂਸਲ, ਨਵਦੀਪ ਅਤੇ ਹਰਜਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
ਉਕਤ ਆਗੂਆਂ ਦੀ ਅਗਵਾਈ ਵਿੱਚ ਇਕੱਤਰ ਲੱਗਭੱਗ 250 ਆਪ ਵਰਕਰਾਂ ਨੇ ਅਨਾਜ ਮੰਡੀ ਵਿੱਚ ਨਿਰਧਾਰਤ ਸੂਬਾ ਪੱਧਰੀ ਸਰਕਾਰੀ ਸਮਾਗਮ ਵੱਲ ਕੂਚ ਕਰਨ ਦੀ ਕੋਸ਼ਿਸ ਕੀਤੀ ਤਾਂ ਮੌਕੇ ਤੇ ਹਾਜ਼ਰ ਐਸਐਸਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ। ਇੱਥੇ ਤਾਇਨਾਤ ਲੱਗਭੱਗ 400 ਪੁਲਿਸ ਕਰਮਚਾਰੀਆਂ ਨੇ ਸੁਖਪਾਲ ਸਿੰਘ ਖਹਿਰਾ ਸਮੇਤ ਉਕਤ ਸਮੁੱਚੇ ਵਿਧਾਇਕਾਂ ਅਤੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੰਜਾਬ ਪੁਲਿਸ ਦੀਆਂ ਬੱਸਾਂ ਵਿੱਚ ਬਿਠਾਕੇ ਜੋਗਾ ਥਾਣੇ ਭੇਜ ਦਿੱਤਾ, ਜਿੱਥੋਂ ਉਨ੍ਹਾਂ ਨੂੰ ਬਾਅਦ ਦੁਪਹਿਰ ਛੱਡ ਦਿੱਤਾ ਗਿਆ।
ਮੁੱਖ ਮੰਤਰੀ ਦੇ ਸਮਾਗਮ ’ਚ ਜਾਂਦੇ ਖਹਿਰਾ, ਅਰੋੜਾ, ਮਾਨਸ਼ਾਹੀਆ, ਕਮਾਲੂ ਹਿਰਸਾਤ ’ਚ ਲਏ, ਛੱਡੇ



