May 16, 2026 1:02 am

ਪਿੰਡ ਰਣੀਕੇ ਨੇੜੇ ਸੰਘਣੀ ਧੁੰਦ ਕਾਰਨ ਕਾਰ ਨਹਿਰ ’ਚ ਡਿੱਗੀ

ਧੂਰੀ, 4 ਜਨਵਰੀ (ਸੰਜੀਵ ਸਿੰਗਲਾ)- ਲੰਘੀ ਦੇਰ ਸ਼ਾਮ ਪਿੰਡ ਰਣੀਕੇ ਨੇੜੇ ਇਕ ਮਾਰੂਤੀ ਕਾਰ ਸੰਘਣੀ ਧੂੰਦ ਕਾਰਨ ਨਹਿਰ ’ਚ ਜਾ ਡਿੱਗੀ। ਘਟਨਾ ਦੌਰਾਨ ਕਾਰ ਸਾਵਰਾਂ ’ਚੋਂ ਦੋ ਸਕੇ ਭਰਾਵਾਂ ’ਚੋਂ ਇਕ ਨੂੰ ਬਚਾ ਲਿਆ ਗਿਆ, ਜਦੋਂ ਕਿ ਦੂਜੇ ਭਰਾ ਦੀ ਲਾਸ਼ ਨਹਿਰ ’ਚੋਂ ਬਰਾਮਦ ਕਰ ਲਈ ਗਈ ਹੈ। ਇਸ ਘਟਨਾ ਬਾਰੇ ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬੁਗਰਾ ਦੇ ਰਾਮਗੜੀਆ ਪਰਿਵਾਰ ਦੇ ਦੋ ਸਕੇ ਭਰਾ ਆਪਣੀ ਮਾਰੂਤੀ ਕਾਰ ’ਚ ਪਿੰਡ ਮੂਲੋਵਾਲ ਵਾਲੇ ਪਾਸਿਉ ਲੰਘੀ ਦੇਰ ਸ਼ਾਮ ਕਰੀਬ ਪੌਣੇ ਨੌ ਵਜੇ ਪਿੰਡ ਵਾਪਸ ਪਰਤ ਰਹੇ ਸਨ, ਕਿ ਸੰਘਣੀ ਧੂੰਦ ਕਾਰਨ ਉਨਾਂ ਦੀ ਕਾਰ ਪਿੰਡ ਰਣੀਕੇ ਨੇੜੇ ਕੋਟਲਾ ਬ੍ਰਾਂਚ (ਬੱਬਨਪੁਰ ਵਾਲੀ) ਨਹਿਰ ਦੇ ਪੁਲ ’ਤੇ ਅਚਾਨਕ ਨਹਿਰ ’ਚ ਜਾ ਡਿੱਗੀ ਪਰ ਇਸ ਘਟਨਾ ਦੌਰਾਨ ਲੋਕਾਂ ਵੱਲੋਂ ਕਾਰ ਸਵਾਰਾਂ ’ਚੋਂ ਬਲਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਨੂੰ ਬਚਾ ਲਿਆ ਗਿਆ। ਉਥੇ ਬਾਅਦ ਵਿਚ ਪੁਲਸ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਕਾਰ ਨੂੰ ਵੀ ਨਹਿਰ ’ਚੋਂ ਕੱਢ ਲਿਆ ਗਿਆ ਪਰ ਉਸ ਦੇ ਦੂਜੇ ਭਰਾ ਸੁਖਜੀਤ ਸਿੰਘ(26) ਦੀ ਪਾਣੀ ਦੇ ਤੇਜ ਬਹਾਅ ਕਾਰਨ ਰੁੜ ਗਈ ਲਾਸ਼ ਨੂੰ ਅੱਜ ਬਾਅਦ ਦੁਪਹਿਰ ਪਿੰਡ ਕਿਲਾ ਹਕੀਮਾਂ ਨੇੜੇ ਬਣੇ ਪਾਵਰ ਹਾਊਸ ਕੋਲੋਂ ਬਰਾਮਦ ਕਰ ਲਿਆ ਗਿਆ ਹੈ। ਸੰਪਰਕ ਕਰਨ ’ਤੇ ਥਾਣਾ ਸਦਰ ਧੂਰੀ ਦੇ ਅਧੀਨ ਆਉਦੀ ਰਣੀਕੇ ਪੁਲਸ ਚੌਕੀ ਦੇ ਇੰਚਾਰਜ ਹੀਰਾ ਸਿੰਘ ਸੰਧੂ ਨੇ ਘਟਨਾ ਅਤੇ ਲਾਸ਼ ਬਰਾਮਦ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਸੀ.ਆਰ.ਪੀ.ਸੀ ਦੀ ਧਾਰਾ 174 ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

Send this to a friend