ਫ਼ਤਹਿਗੜ੍ਹ ਸਾਹਿਬ, 4 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-“ਬਹੁਤ ਹੀ ਸੂਖਮ ਅਤੇ ਇਤਿਹਾਸਿਕ ਤਥਾਂ ਨੂੰ ਮੁਖ ਰਖਕੇ, ਭੂਗੋਲ ਅਤੇ ਖਗੋਲ ਦਾ ਡੂੰਘਾਂ ਅਧਿਆਨ ਕਰਨ ਉਪਰੰਤ ਸ. ਪਾਲ ਸਿੰਘ ਪੂਰੇਵਾਲ ਨੇ ਸਿਖ ਬੁਧੀਜੀਵੀਆਂ, ਚਿੰਤਕਾ ਦੇ ਸਹਿਯੋਗ ਨਾਲ ਸਿਖ ਕੌਮ ਦੀ ਵਖਰੀ ਪਹਿਚਾਣ ਨੂੰ ਕੌਮਾਂਤਰੀ ਪਧਰ ਤੇ ਕਾਇਮ ਕਰਨ ਹਿਤ ਅਤੇ ਸਿਖ ਕੌਮ ਦੇ ਸਮੁਚੇ ਦਿਹਾੜਿਆ ਨੂੰ ਹਰ ਸਾਲ ਇਕੋ ਤਰੀਕ ਨੂੰ ਮਨਾਉਣ ਹਿਤ ਬਹੁਤ ਮਿਹਨਤ ਅਤੇ ਸਿਦਤ ਨਾਲ 2003 ਵਿਚ ਨਾਨਕਸ਼ਾਹੀ ਕੈਲੰਡਰ ਤਿਆਰ ਕਰਕੇ ਦਿੱਤਾ ਅਤੇ ਇਸ ਨਾਨਕਸ਼ਾਹੀ ਕੈਲੰਡਰ ਨੂੰ ਐਸ.ਜੀ.ਪੀ.ਸੀ. ਵਲੋਂ ਪ੍ਰਵਾਨ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀ ਸਿਖ ਕੌਮ ਲਈ ਜਾਰੀ ਕੀਤਾ ਸੀ। ਉਸ ਸਮੇਂ ਤੋਂ ਸਮੁਚੀ ਸਿਖ ਕੌਮ ਨੇ ਆਪਣੇ ਕੌਮੀ ਦਿਹਾੜਿਆ ਨੂੰ ਇਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣਾ ਸੁਰੂ ਕੀਤਾ । ਉਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ 5 ਜਨਵਰੀ 2018 ਨੂੰ ਆ ਰਿਹਾ ਹੈ । ਸਮੁਚੀ ਸਿਖ ਕੌਮ ਨੂੰ ਸਾਡੀ ਹਾਰਦਿਕ ਅਤੇ ਕੌਮ ਦੇ ਬਿਨ੍ਹਾਂ ਤੇ ਇਹ ਜੋਰਦਾਰ ਅਪੀਲ ਹੈ ਕਿ ਸਮੁਚੇ ਪਿੰਡਾਂ, ਸ਼ਹਿਰਾਂ, ਕਸਬਿਆ ਵਿਚ ਸਿਖ ਕੌਮ ਇਸ ਮਹਾਨ ਦਿਨ ਨੂੰ 5 ਜਨਵਰੀ 2018 ਨੂੰ ਹੀ ਮਨਾਵੇ ਅਤੇ ਆਪਣੇ ਕੌਮੀ ਨਾਨਕਸ਼ਾਹੀ ਕੈਲੰਡਰ ਨੂੰ ਫਿਰ ਤੋਂ ਪ੍ਰਵਾਨ ਕਰਨ ਉਤੇ ਮੋਹਰ ਲਗਾਕੇ ਸਿਖ ਵਿਰੋਧੀ ਤਾਕਤਾਂ ਨੂੰ ਚੁਣੋਤੀ ਦੇਵੇ ਕਿ ਸਿਖ ਕੌਮ ਦੇ ਅੰਦਰੂਨੀ ਮਸਲਿਆ ਵਿਚ ਕਿਸੇ ਵੀ ਹੁਕਮਰਾਨ, ਤਾਕਤ ਨੂੰ ਦਖਲ ਦੇਣ ਦੀ ਸਿਖ ਕੌਮ ਇਜ਼ਾਜਤ ਨਹੀਂ ਦੇਵੇਗੀ ਅਤੇ ਅਸੀਂ ਆਪਣੀ ਕੌਮੀ ਵਖਰੀ ਤੇ ਅਣਖ਼ੀਲੀ ਪਹਿਚਾਣ ਨੂੰ ਹਰ ਕੀਮਤ ਤੇ ਕਾਇਮ ਰਖਾਂਗੇ। ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੇਸ਼-ਵਿਦੇਸ਼ਾਂ ਵਿਚ ਵਿਚਰ ਰਹੀ ਸਿਖ ਕੌਮ, ਪੰਥ ਦਰਦੀਆਂ ਨੂੰ 5 ਜਨਵਰੀ 2018 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਮਹਾਨ ਦਿਹਾੜੇ ਨੂੰ ਸਰਧਾ ਪੂਰਵਕ ਮਨਾਉਣ ਅਤੇ ਆਪਣੇ ਕੌਮੀ ਕੈਲੰਡਰ ਉਤੇ ਫਿਰ ਤੋਂ ਪਕੀ ਮੋਹਰ ਲਗਾਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ।