May 16, 2026 4:26 am

ਖਸਰਾ ਤੇ ਰੂਬੇਲਾ ਤੋਂ ਬਚਾਅ ਲਈ 75 ਲੱਖ ਬੱਚਿਆਂ ਦਾ ਕੀਤਾ ਜਾਵੇਗਾ ਟੀਕਾਕਰਣ

ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਕਰਨ ਲਈ ਉਲੀਕੀ ਗਈ ਵਿਸ਼ੇਸ਼ ਨੀਤੀ

ਚੰਡੀਗੜ੍ਹ, 3 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਖਸਰਾ ਤੇ ਰੂਬੇਲਾ ਬਿਮਾਰੀ ਤੋਂ ਬਚਾਅ ਲਈ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਅਪ੍ਰੈਲ ਅਤੇ ਮਈ ਮਹੀਨੇ ਵਿਚ ਇਕ ਵਿਸ਼ੇਸ਼ ਮੁਹਿੰਮ ਚਲਾਉਣ ਜਾ ਰਹੀ ਹੈ ਜਿਸ ਅਧੀਨ 9 ਮਹੀਨੇ ਤੋਂ ਲੈਕੇ 15 ਸਾਲ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਬਿਮਾਰੀਆਂ ਤੋਂ ਬੱਚਿਆਂ ਦਾ ਬਚਾਅ ਕੀਤਾ ਜਾ ਸਕੇ। ਇਸ ਬਾਰੇ ਹੋਰ ਜਾਣਕਾਰੀਆਂ ਦਿੰਦਿਆਂ ਅੱਜ ਇਥੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਿਹਤ ਵਿਭਾਗ ਖਸਰਾ ਤੇ ਰੂਬੇਲਾ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਜਿਸ ਦੁਆਰਾ ਬੱਚਿਆਂ ਦੀ ਮੌਤ ਦਰ ਅਤੇ ਹੋਣ ਵਾਲੀਆਂ ਜਮਾਂਦਰੂ ਬਿਮਾਰੀਆਂ ਨੂੰ ਕਾਬੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ ’ਤੇ ਬੱਚਿਆਂ ਲਈ ਖਸਰਾ ਇਕ ਭਿਆਨਕ ਬਿਮਾਰੀ ਵਜੋਂ ਸਾਹਮਣੇ ਆਈ ਹੈ ਜਦਕਿ ਦੂਜੇ ਪਾਸੇ ਰੂਬੇਲਾ ਨਾਲ ਬੱਚਿਆਂ ਨੂੰ ਸ਼ੁਰੂਆਤੀ ਜੀਵਨ ਤੋਂ ਹੀ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖਤਰਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਟੀਕਾਕਰਣ ਦੁਆਰਾ ਬੱਚਿਆਂ ਨੂੰ ਖਸਰਾ ਤੇ ਰੂਬੇਲਾ ਵਾਇਰਸ ਨਾਲ ਸ਼ਰੀਰਕ ਤਾਕਤ ਹਾਂਸਲ ਹੋਵੇਗੀ ਅਤੇ ਜੀਵਨ ਵੀ ਸੁਰੱਖਿਅਤ ਹੋਵੇਗਾ। ਸ੍ਰੀ ਮਹਿੰਦਰਾ ਨੇ ਦੱਸਿਆ ਕਿ ਲਗਭਗ 75 ਲੱਖ ਬੱਚਿਆਂ ਦੀ ਇਸ ਟੀਕਾਕਰਣ ਮੁਹਿੰਮ ਦੇ ਸਬੰਧ ਵਿਚ ਸਾਰੇ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਸ਼ਹਿਰ, ਪਿੰਡ ਅਤੇ ਸਕੂਲਾਂ ਨੂੰ ਕਵਰ ਕਰਨ ਲਈ ਜਲਦ ਮਾਈਕਰੋਪਲਾਨ ਵੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਅਧੀਨ ਸੀ.ਆਰ.ਐਸ. (ਕੌਨਜੈਨਿਟਲ ਰੂਬੇਲਾ ਸਿੰਡਰੋਮ) ਕਰਕੇ ਹੋਣ ਵਾਲੀਆਂ ਜਮਾਂਦਰੂ ਬਿਮਾਰੀਆਂ ਜਿਵੇਂ ਕਿ ਬੋਲਾਪਣ ਅਤੇ ਅੰਨ੍ਹੇਪਣ ਵਰਗੀਆਂ ਬਿਮਾਰੀਆਂ ਨੂੰ ਵੀ ਦੇਖਿਆ ਜਾਵੇਗਾ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਖਸਰਾ ਇਕ ਛੂਤ ਦੀ ਬਿਮਾਰੀ ਹੈ ਜੋ ਸਿੱਧੇ ਤੌਰ ’ਤੇ ਖਾਂਸੀ ਅਤੇ ਛਿੱਕਣ ਨਾਲ ਫੈਲਦਾ ਹੈ। ਜਦਕਿ ਦੂਜੇ ਪਾਸੇ ਰੂਬੇਲਾ ਵੀ ਇਕ ਵਾਇਰਲ ਬਿਮਾਰੀ ਹੈ ਜੋ ਸੁਣਨ ਦੀ ਅਸਮਰਥਾ, ਦਿਲ ਦੀਆਂ ਬਿਮਾਰੀਆਂ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਣ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਰਾਜ ਪੱਧਰੀ ਟੀਕਾਕਰਣ ਮੁਹਿੰਮ ਨਾਲ ਬੱਚਿਆਂ ਦੀ ਸਿਹਤ-ਸੁਰੱਖਿਆ ਨੂੰ ਯਕੀਨੀ ਕੀਤਾ ਜਾਵੇਗਾ ਜਿਸ ਨਾਲ ਬੱਚੇ ਆਪਣਾ ਸਿਹਤਮੰਤ ਜੀਵਨ ਦਾ ਆਨੰਦ ਮਾਣ ਸਕਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ 100 ਫੀਸਦੀ ਟੀਚੇ ਨੂੰ ਹਾਂਸਲ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾ ਰਿਹਾ ਹੈ ਤਾਂ ਜੋ ਨਿਸ਼ਚਿਤ ਕੀਤੀ ਉਮਰ ਦਾ ਇਕ ਵੀ ਬੱਚਾ ਟੀਕਾਕਰਣ ਤੋਂ ਵਾਝਾਂ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀ ਤੋਂ ਬਚਾਅ ਲਈ ਇਕ ਨੀਤੀ ਵੀ ਉਲੀਕੀ ਹੈ ਜਿਸ ਦੁਆਰਾ ਬੱਚਿਆਂ ਨੂੰ ਛੂਤ ਅਤੇ ਹੋਰ ਇਕ ਦੂਜੇ ਤੋਂ ਹੋਣ ਵਾਲੀ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

Send this to a friend