May 1, 2026 7:30 pm

ਸਰਕਾਰੀ ਏਜੰਸੀਆਂ ਟਾਈਟਲਰ ਨੂੰ ਬਚਾਉਣ ਦੀ ਕੋਸ਼ਿਸ਼ ’ਚ : ਜਸਬੀਰ ਅਤੇ ਰੇਸ਼ਮ

ਸੀ.ਬੀ.ਆਈ. ਨੇ ਗਵਾਹਾਂ ਦੇ ਆਹਮੋ-ਸਾਹਮਣੇ ਲਏ ਬਿਆਨ ਨੂੰ ਠੁਕਰਾਇਆ
image ਨਵੀਂ ਦਿੱਲੀ, 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)- ਨਵੰਬਰ 1984 ਸਿੱਖ ਨਸਲਕੁਸ਼ੀ ਦੇ ਚਸ਼ਮਦੀਦ ਗਵਾਹ ਜਸਬੀਰ ਸਿੰਘ ਨੇ ਬੀਤੇ ਦਿਨ ਬੀਜਲਈ ਮੀਡੀਆ ਰਾਹੀ  ਵਿਸ਼ੇਸ਼ ਤੌਰ ’ਤੇ ਖੁਲਾਸਾ ਕਰਦਿਆਂ ਦੱਸਿਆ ਕਿ 2009 ਤੋਂ ਲੈ ਕੇ ਪਿਛਲੇ 5 ਸਾਲਾਂ ਤੋਂ ਟਾਈਟਲਰ ਖਿਲਾਫ਼ ਆਪਣੇ ਬਿਆਨ ਕਲਮਬੱਧ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੀ. ਬੀ. ਆਈ. ਵਲੋਂ ਉਨ੍ਹਾਂ ਕੋਲੋਂ ਬਿਆਨ ਦਰਜ ਕਰਵਾਉਣ ਦਾ ਕੋਈ ਵੀ ਹੀਲਾ ਨਹੀਂ ਕੀਤਾ ਗਿਆ ਤੇ ਦੂਜੇ ਪਾਸੇ ਟਾਈਟਲਰ ਨੇ ਆਪਣੇ ਕੇਸ ਦੀ ਸੁਣਵਾਈ ਫੌਰੀ ਤੌਰ ’ਤੇ ਕਰਨ ਲਈ ਪਟੀਸ਼ਨ ਪਾ ਦਿੱਤੀ ਜਿਸ ਨੂੰ ਹਾਈਕੋਰਟ ਵਲੋਂ ਰੱਦ ਕਰ ਦਿੱਤਾ ਗਿਆ ਹੈ । ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਪਹਿਲਾਂ ਦੀ ਤਰ੍ਹਾਂ ਸੀ. ਬੀ. ਆਈ. ਦੀ ਟਾਈਟਲਰ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼

ਜਾਰੀ ਹੈ । ਕਾਂਗਰਸ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦੀ ਵੀ ਇਹੀ ਕੋਸ਼ਿਸ਼ ਰਹੀ ਹੈ ਕਿ ਉਸ ਦੇ ਕਾਤਲ ਵਜੀਰਾਂ ਨੂੰ ਬਚਾਇਆ ਜਾ ਸਕੇ। ਸੀ. ਬੀ. ਆਈ. ਨੇ ਇਸ ਮਾਮਲੇ ਵਿਚ ਅਜੇ ਹੋਰ ਜਾਂਚ ਲਈ ਕੋਈ ਕਦਮ ਨਹੀਂ ਉਠਾਇਆ। ਇੱਥੋਂ ਤੱਕ ਕਿ ਇਸ ਕੇਸ ਦੇ ਮੁੱਖ ਗਵਾਹਾਂ ਜਸਬੀਰ ਸਿੰਘ ਤੇ ਰੇਸ਼ਮ ਸਿੰਘ ਤੋਂ ਵੀ ਅਜੇ ਬਿਆਨ ਦਰਜ ਨਹੀਂ ਕਰਵਾਏ ਜਾ ਰਹੇ। ਦਿੱਲੀ ਹਾਈ ਕੋਰਟ ਦੇ ਜਸਟਿਸ ਵੀ. ਪੀ. ਵੈਸ਼ ਦੀ ਅਗਵਾਈ ਵਾਲੇ ਬੈਂਚ ਨੇ ਟਾਈਟਲਰ ਦੀ ਪਟੀਸ਼ਨ ’ਤੇ ਉਸ ਖਿਲਾਫ਼ ਸੀ. ਬੀ. ਆਈ. ਜਾਂਚ ਦੁਬਾਰਾ ਖੋਲ੍ਹਣ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਵਾਰ ਸੀ. ਬੀ. ਆਈ. ਦੀ ਕੋਸ਼ਿਸ਼ ਸੀ ਕਿ ‘ਸਕਾਈਪ’ ਰਾਹੀਂ ਗਵਾਹੀ ਕਲਮਬੱਧ ਕਰਵਾਉਣੀ ਹੈ। ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ 2008 ਵਿਚ ਇਸੇ ਸੀ. ਬੀ. ਆਈ. ਨੇ ਕੈਲੀਫੋਰਨੀਆ ਸਥਿਤ ਭਾਰਤੀ ਕਾਸਲਖਾਨੇ ਵਿਚ ਮੁੱਖ ਗਵਾਹ ਜਸਬੀਰ ਸਿੰਘ ਦੀ 16 ਘੰਟੇ ਤੋਂ ਵੱਧ ਸਮਾਂ ਗਵਾਹੀ ਲਈ ਸੀ। ਪਿਛਲੀ ਆਹਮੋ-ਸਾਹਮਣੇ ਲਈ ਗਈ ਗਵਾਹੀ ਬਾਰੇ ਸੀ. ਬੀ. ਆਈ. ਨੇ ਇਹ ਗਵਾਹੀ ਸਵੀਕਾਰਯੋਗ ਨਹੀਂ ਕੀਤੀ ਤੇ ਹੁਣ ‘ਸਕਾਈਪ’ ’ਤੇ ਗਵਾਹੀ ਲੈਣ ਦਾ ਬਹਾਨਾ ਬਣਾ ਕੇ ਉਹ ਟਾਈਟਲਰ ਨੂੰ ਬਚਾਉਣਾ ਚਾਹੁੰਦੀ ਹੈ। ਟਾਈਟਲਰ ਦੇ ਮੁੱਖ ਗਵਾਹ ਜਸਬੀਰ ਸਿੰਘ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸੀ. ਬੀ. ਆਈ. ਅਮਰੀਕਾ ਆ ਕੇ ਮੇਰੀ ਗਵਾਹੀ ਲਵੇ, ਮੈਂ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਕਾਨੂੰਨ ਇਹ ਇਜਾਜ਼ਤ ਦਿੰਦਾ ਹੈ ਕਿ ਸੀ. ਬੀ. ਆਈ. ਅਦਾਲਤ ਰਾਹੀਂ ਮੇਰੇ ਤੋਂ ਗਵਾਹੀ ਦਰਜ ਕਰਵਾਏ।

Send this to a friend