May 16, 2026 9:50 am

ਕਾਂਗਰਸ ਸਰਕਾਰ ਦੀ ਨਾ ਨੀਅਤ ਅਤੇ ਨਾ ਹੀ ਨੀਤੀ ਚੰਗੀ : ਮਜੀਠੀਆ

ਲੋਪੋਕੇ ਦੀ ਅਗਵਾਈ ’ਚ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੀ ਨਵੀਂ ਬਾਡੀ ਪ੍ਰਤੀ ਵਿਚਾਰਾਂ ਲਈ ਮੀਟਿੰਗ।

ਅੰਮ੍ਰਿਤਸਰ, 2 ਜਨਵਰੀ (ਸ਼ਰਤ ਵਸ਼ਿਸ਼ਟ)-ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਮੌਜੂਦਾ ਕਾਂਗਰਸ ਸਰਕਾਰ ’ਤੇ ਲੋਕਾਂ ਦੀਆਂ ਜੇਬਾਂ ’ਤੇ ਸਿਧਾ ਡਾਕਾ ਮਾਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਦੀ ਨਾ ਨੀਅਤ ਅਤੇ ਨਾ ਹੀ ਨੀਤੀ ਅੱਛੀ ਹੈ। ਉਹਨਾਂ ਸਰਕਾਰ ਪ੍ਰਤੀ ਲੋਕਾਂ ਦਾ ਮੋਹ ਤੇਜੀ ਨਾਲ ਭੰਗ ਹੋ ਰਿਹਾ ਹੈ ਹੋਣ ਦਾ ਜ਼ਿਕਰ ਕਰਦਿਆਂ ਅਕਾਲੀ ਵਰਕਰਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਹੁਣ ਤੋਂ ਹੀ ਕਮਰ ਕਸਾ ਕਰ ਲੈਣ ਲਈ ਕਿਹਾ। ਸ: ਮਜੀਠੀਆ ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਸ: ਵੀਰ ਸਿੰਘ ਲੋਪੋਕੇ ਵੱਲੋਂ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੀ ਨਵੀਂ ਬਾਡੀ ਪ੍ਰਤੀ ਵਿਚਾਰਾਂ ਕਰਨ ਲਈ ਸੀਨੀਅਰ ਆਗੂਆਂ ਦੀ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਨਸ਼ਿਆਂ ਨੂੰ ਲੈ ਕੇ ਅਕਾਲੀ ਆਗੂਆਂ ’ਤੇ ਝੂਠਾ ਦੋਸ਼ ਲਾਇਆ ਜਾਂਦਾ ਰਿਹਾ ਅਤੇ ਵਿਰੋਧੀ ਧਿਰ ਦਾ ਨੇਤਾ ਅਤੇ ਅਰਵਿੰਦ ਕੇਜਰੀਵਾਲ ਦਾ ਚਹੇਤਾ ਸੁਖਪਾਲ ਸਿੰਘ ਖਹਿਰਾ ਨਸ਼ਿਆਂ ਦੇ ਮਾਮਲੇ ’ਚ ਅਦਾਲਤ ਵੱਲੋਂ ਦੋਸ਼ੀ ਮੰਨਦਿਆਂ ਜਾਰੀ ਵਾਰੰਟ ਤੋਂ ਭਜ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਲਾਰਿਆਂ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ।ਸਰਕਾਰ ਦੀਆਂ ਮੌਜੂਦਾ ਆਰਥਿਕ ਪਾਲਿਸੀਆਂ ਨੂੰ ਦੋਸ਼ ਪੂਰਨ ਠਹਿਰਾਉਂਦਿਆਂ ਉਹਨਾਂ ਕਿਹਾ ਕਿ ਅੱਜ ਨਾ ਕੇਵਲ ਮਹਿੰਗਾਈ ਵਧੀ ਹੈ ਸਗੋਂ ਐਕਸਾਈਜ਼ ਰੈਵੀਨਿਊ ਪਾਲਿਸੀ ਰਾਹੀ ਸਰਕਾਰੀ ਖ਼ਜ਼ਾਨੇ ਨੂੰ ਵੀ ਚੂਨਾ ਲਾਇਆ ਜਾ ਰਿਹਾ ਹੈ। ਰੇਤਾ ਬਜਰੀ ਅੱਜ ਚਾਰ ਗੁਣਾ ਮਹਿੰਗੀ ਹੋ ਗਈ ਹੈ ਅਤੇ ਸਰਕਾਰ ਦੇ ਚਹੇਤਿਆਂ ਦੇ ਨਾਮ ਮਾਈਨਿੰਗ ਘਪਲੇ ਵਿੱਚ ਨਸ਼ਰ ਹੋ ਰਹੇ ਹਨ। ਘਰੇਲੂ ਬਿਜਲੀ ਬਿੱਲਾਂ ਵਿੱਚ ਹੀ 15 ਫੀਸਦੀ ਦਾ ਵਾਧਾ ਕਰ ਕੇ ਲੋਕਾਂ ’ਤੇ 2500 ਕਰੋੜ ਦਾ ਵਾਧੂ ਬੋਝ ਪਾ ਦਿੱਤਾ ਗਿਆ ਹੈ। ਘਰ ਘਰ ਨੌਕਰੀ ਦਾ ਲਾਰਾ ਲਾਉਣ ਵਾਲਿਆਂ ਤੋਂ ਹੁਣ ਤਕ ਇੱਕ ਵੀ ਨੌਕਰੀ ਲਈ ਕੋਈ ਇਸ਼ਤਿਹਾਰ ਤਕ ਨਹੀਂ ਕੱਢਿਆ ਜਾ ਸਕਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ: ਵੀਰ ਸਿੰਘ ਲੋਪੋਕੇ ਨੇ ਮੁੜ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਦਿਆਂ ਉਹਨਾਂ ’ਤੇ ਭਰੋਸਾ ਪ੍ਰਗਟਾਉਣ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਦੀ ਆਸ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਉਹਨਾਂ ਕਿਹਾ ਕਿ ਦਿਹਾਤੀ ਜਥਾ ਪਾਰਟੀ ਨਾਲ ਚਟਾਨ ਵਾਂਗ ਖੜ੍ਹਾ ਹੈ ਅਤੇ ਸ: ਸੁਖਬੀਰ ਸਿੰਘ ਬਾਦਲ ਦੇ ਇੱਕ ਹੁਕਮ ’ਤੇ ਸੰਘਰਸ਼ ਹਰ ਸਮੇਂ ਲਈ ਤਿਆਰ ਭਰ ਤਿਆਰ ਹੈ। ਉਹਨਾਂ ਵਰਕਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਹਿਯੋਗ ਦੇਣ ਦੀ ਅਪੀਲ ਕੀਤੀ।

Send this to a friend