ਰਾਮਪੁਰਾ ਫੂਲ, 1 ਜਨਵਰੀ (ਗਿੱਲ)-ਸਥਾਨਕ ਨਗਰ ਦੇ ਇਕ ਜਿਮੀਦਾਰ ਪਰਿਵਾਰ ਨਾਲ ਸਬੰਧਤ ਇੱਕ ਵਿਅਕਤੀ ਵੱਲੋਂ ਇੱਕ ਦਲਿਤ ਨੌਜਵਾਨ ਨਾਲ ਕੁੱਟਮਾਰ ਕਰਨ ਅਤੇ ਜਾਤੀਸੂਚਕ ਸ਼ਬਦ ਬੋਲਣ ਦੀ ਜਾਣਕਾਰੀ ਮਿਲੀ ਹੈ। ਸੀ.ਐਚ.ਸੀ ਬਾਲਿਆਂਵਾਲੀ ਵਿਖੇ ਜੇਰੇ ਇਲਾਜ ਨੌਜਵਾਨ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਉਹ ਮਜਬ੍ਹੀ ਸਿੱਖ ਜਾਤੀ ਨਾਲ ਸਬੰਧ ਰੱਖਦਾ ਹੈ ਅਤੇ ਬੀਤੀ ਰਾਤ ਜਦ ਉਹ ਆਪਣੇ ਕਿਸੇ ਕੰਮ ਤੋਂ ਵਾਪਿਸ ਘਰ ਆ ਰਿਹਾ ਸੀ ਤਾਂ ਕੁੱਝ ਵਿਅਕਤੀਆਂ ਨੇ ਉਸ ਨੂੰ ਇਹ ਕਹਿ ਕੇ ਘੇਰ ਲਿਆ ਕਿ ਤੂੰ ਸਿਵਿਆਂ ‘ਚ ਸ਼ਰਾਬ ਰੱਖਦਾ ਹੈ। ਉਪਰੰਤ ਉਨ੍ਹਾਂ ਪਿੰਡ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਨੰਬਰਦਾਰ ਅਤੇ ਮੌਜੂਦਾ ਕੌਂਸਲਰ ਇਕਬਾਲ ਕੌਰ ਦੇ ਪਤੀ ਦਰਸ਼ਨ ਸਿੰਘ ਫੌਜੀ ਨੂੰ ਉਥੇ ਬੁਲਾ ਲਿਆ। ਜਿਸ ਨੇ ਆਉਂਦਿਆਂ ਹੀ ਉਸ ਨੂੰ ਜਾਤੀਸੂਚਕ ਸ਼ਬਦ ਬੋਲਦਿਆਂ ਡਾਂਗ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।ਜਿਸ ਕਾਰਨ ਉਹ ਬੁਰੀ ਤਰ੍ਹਾਂ ਜਖਮੀ ਹੋ ਗਿਆ ਹੈ।ਪਤਾ ਲੱਗਣ ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਬਾਲਿਆਂਵਾਲੀ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਇਸ ਮੌਕੇ ਹਸਪਤਾਲ ’ਚ ਮੌਜੂਦ ਅੰਮ੍ਰਿਤਪਾਲ ਸਿੰਘ ਦੀ ਭੈਣ ਜਸਪ੍ਰੀਤ ਕੌਰ ਨੇ ਕਿਹਾ ਕਿ ਹਸਪਤਾਲ ਵਿਚ ਆ ਕੇ ਵੀ ਅੱਜ ਫੌਜੀ ਦਰਸਨ ਸਿੰਘ ਨੰਬਰਦਾਰ ਵਲੋਂ ਉਸ ਨੂੰ ਅਤੇ ਉਸ ਦੇ ਭਰਾ ਨੂੰ ਨਤੀਜੇ ਭੁਗਤਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਉਕਤ ਦਲਿਤ ਪਰਿਵਾਰ ਨੇ ਆਪਣੀ ਜਾਨ ਦਾ ਖਤਰਾ ਦੱਸਦਿਆ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਕਿ ਸਬੰਧਿਤ ਦੋਸ਼ੀ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਜਦ ਇਸ ਬਾਰੇ ਨੰਬਰਦਾਰ ਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ ਖਿਲਾਫ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਹਸਪਤਾਲ ਵਿਚ ਤਾਂ ਪੰਚਾਇਤ ਦੇ ਤੌਰ ਤੇ ਗਏ ਸਨ। ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁੱਖ ਮੁੱਨਸ਼ੀ ਕਰਨੈਲ ਸਿੰਘ ਨੇ ਕਿਹਾ ਕਿ ਅੰਮ੍ਰਿਤ ਸਿੰਘ ਦੇ ਬਿਆਨ ਲੈਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਸਬੰਧੀ ਲੋਕ ਜਨ ਸਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਜੇਕਰ ਦਲਿਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਅਗਲੀ ਰਣਨੀਤੀ ਬਣਾਉਣਗੇ।