ਨਵੀਂ ਦਿੱਲੀ/ਇਸਲਾਮਾਬਾਦ, 1 ਜਨਵਰੀ- ਭਾਰਤ ਅਤੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰਾਂ (ਐਨ.ਐਸ.ਏ.) ਦੇ ਦਰਮਿਆਨ ਲੰਘੀ 27 ਦਸੰਬਰ ਨੂੰ ਥਾਈਲੈਂਡ ਵਿਖੇ ਗੁਪਤ ਮੀਟਿੰਗ ਹੋਈ ਸੀ। ਸੋਮਵਾਰ ਨੂੰ ਇਸ ਦੀ ਜਾਣਕਾਰੀ ਪਾਕਿਸਤਾਨ ਦੇ ਇੱਕ ਸੀਨੀਅਰ ਅਫਸਰ ਨੇ ਦਿੱਤੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਮੀਟਿੰਗ ਕਾਫੀ ਹਾਂ ਪੱਖੀ ਰਹੀ। ਇਸ ਮੀਟਿੰਗ ਦੌਰਾਨ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦਾ ਅੰਦਾਜ਼ ਕਾਫੀ ਦੋਸਤਾਨਾ ਸੀ। ਪਾਕਿਸਤਾਨ ਦੇ ਮੀਡੀਆ ਨੇ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਅਧਿਕਾਰੀ ਕੁਲਭੂਸ਼ਨ ਜਾਧਵ ਨਾਲ ਉਸ ਦੀ ਮਾਂ ਅਤੇ ਪਤਨੀ ਦੀ ਮੁਲਾਕਾਤ ਤੋਂ ਬਾਅਦ ਇਹ ਮੀਟਿੰਗ ਪਹਿਲਾਂ ਹੀ ਤੈਅ ਸੀ। ਇਸ ਤੋਂ ਪਹਿਲਾਂ 6 ਦਸੰਬਰ 2015 ਨੂੰ ਬੈਂਕਾਕ ਵਿਖੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਨਾਸਿਰ ਖਾਨ ਜਾਂਜੂਆ ਅਤੇ ਸ੍ਰੀ ਡੋਭਾਲ ਦਰਮਿਆਨ ਗੁਪਤ ਮੁਲਾਕਾਤ ਹੋਈ ਸੀ।
ਇੱਕ ਖਬਰ ਏਜੰਸੀ ਮੁਤਾਬਿਕ ਪਾਕਿਸਤਾਨ ਦੇ ਕੌਮੀ ਸੁਰੱਖਿਆ ਵਿਭਾਗ ਨਾਲ ਜੁੜੇ ਇੱਕ ਅਫਸਰ ਨੇ ਦੱਸਿਆ ਕਿ ਸ੍ਰੀ ਡੋਭਾਲ ਅਤੇ ਜਨਾਬ ਜਾਂਜੂਆ ਦੇ ਦਰਮਿਆਨ 27 ਦਸੰਬਰ 2017 ਨੂੰ ਥਾਈਲੈਂਡ ਵਿਖੇ ਇੱਕ ਗੁਪਤ ਮੀਟਿੰਗ ਹੋਈ ਸੀ। ਇਹ ਬਹੁਤ ਚੰਗੀ ਰਹੀ ਅਤੇ ਇਸ ਦੌਰਾਨ ਸ੍ਰੀ ਡੋਭਾਲ ਦਾ ਰਵੱਈਆ ਕਾਫੀ ਸਕਾਰਾਤਮਕ ਸੀ।
ਪਾਕਿਸਤਾਨ ਦੇ ਇੱਕ ਅਖਬਾਰ ਨੇ ਇਸ ਸਬੰਧੀ ਖਬਰ ਵੀ ਛਾਪੀ ਹੈ ਅਤੇ ਇਹ ਲਿਖਿਆ ਹੈ ਕਿ ਦੋਵਾਂ ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦਰਮਿਆਨ ਗੱਲਬਾਤ ਨਾਲ ਕੂਟਨੀਤਕ ਸਬੰਧਾਂ ਨੂੰ ਮਜ਼ਬੂਤੀ ਮਿਲੇਗੀ। ਇੱਥੇ ਜ਼ਿਕਰਯੋਗ ਹੈ ਕਿ ਇਸ ਗੁਪਤ ਮੀਟਿੰਗ ਤੋਂ ਦੋ ਦਿਨ ਪਹਿਲਾਂ ਜਾਧਵ ਦੀ ਮਾਂ ਅਤੇ ਪਤਨੀ ਨੇ ਜੇਲ੍ਹ ਵਿਖੇ ਮੁਲਾਕਾਤ ਕੀਤੀ ਸੀ।